ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਿਪਟੀ ਕਮਿਸ਼ਨਰ
ਮੁਹੰਮਦ ਇਸਮਾਈਲ ਏਸ਼ੀਆ, ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 30 ਨਵੰਬਰ 2022 :
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕਰਦਿਆ ਕਿਹਾ ਕਿ ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਜ਼ਿਲ੍ਹਾ ਦੀਆਂ ਪੰਚਾਇਤਾਂ, ਮਿਊਂਸਪਲ ਕਮੇਟੀਆਂ ਅਤੇ ਹੋਰ ਸੰਸਥਾਵਾਂ ਨੂੰ ਦਰਿਆਵਾਂ, ਨਦੀਆਂ ਅਤੇ ਨਾਲਿਆਂ ਵਿੱਚ ਅਣਸੋਧਿਆ ਪਾਣੀ ਪਾ ਕੇ ਇਹਨਾਂ ਨੂੰ ਪ੍ਰਦੂਸ਼ਿਤ ਨਾ ਕਰਨ ਹਦਾਇਤ ਕੀਤੀ । ਉਨ੍ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ।
ਵਿਧਾਨ ਸਭਾ ਕਮੇਟੀ ਇਸ ਮੁੱਦੇ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰ ਰਹੀ ਹੈ। ਇਸ ਕਮੇਟੀ ਨੇ ਜਲਦੀ ਹੀ ਅਗਲੀ ਸਮੀਖਿਆ ਮੀਟਿੰਗ ਕਰਨੀ ਹੈ। ਉਹਨਾਂ ਕਿਹਾ ਕਿ ਉਕਤ ਐਕਟਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ੇ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਜ਼ਿਲ੍ਹਿਆਂ ਤੋਂ ਜਾਣਕਾਰੀ ਇਕੱਤਰ ਕੀਤੀ ਗਈ ਹੈ। ਜਿਸ ਤੋਂ ਪਤਾ ਲੱਗਾ ਹੈ ਕਿ ਸਥਾਨਕ ਪੱਧਰ ’ਤੇ ਵੱਖ-ਵੱਖ ਨਦੀਆਂ ਅਤੇ ਨਾਲਿਆਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਕਈ ਵਾਰ ਪਿੰਡਾਂ, ਮਿਊਂਸਪਲ ਕਮੇਟੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਅਣਸੋਧਿਆ ਪਾਣੀ ਦਰਿਆਵਾਂ ਅਤੇ ਨਾਲਿਆਂ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ। ਇਹ ਨਾ ਸਿਰਫ਼ ਜਲ ਪ੍ਰਦੂਸ਼ਣ ਐਕਟ ਦੀ ਉਲੰਘਣਾ ਹੈ, ਸਗੋਂ ਇਸ ਦੇ ਨਾਲ ਹੀ ਨਹਿਰਾਂ ਅਤੇ ਡਰੇਨੇਜ ਐਕਟ 1873 ਦੀ ਵੀ ਉਲੰਘਣਾ ਹੈ।
ਉਹਨਾਂ ਜ਼ਿਲ੍ਹੇ ਦੇ ਅਜਿਹੇ ਮਾਮਲਿਆਂ ਦੀ ਸੂਚੀ ਜਿੱਥੇ ਪਾਣੀ ਅਤੇ ਦਰਿਆ ਪ੍ਰਦੂਸ਼ਿਤ ਹੋ ਰਹੇ ਹਨ, ਜਾਰੀ ਕਰਦਿਆਂ ਜ਼ਿਲ੍ਹੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ, ਮਿਊਂਸਪਲ ਕਮੇਟੀਆਂ ਅਤੇ ਹੋਰ ਸੰਸਥਾਵਾਂ ਨੂੰ ਹਦਾਇਤਾਂ ਕੀਤੀ ਕਿ ਉਹ ਕੂੜਾ ਕਰਕਟ ਸੁੱਟ ਕੇ ਜਾਂ ਅਣਸੋਧਿਆ ਪਾਣੀ ਅਜਿਹੇ ਸਰੋਤਾਂ ਵਿੱਚ ਪਾ ਕੇ ਦਰਿਆਵਾਂ ਅਤੇ ਨਾਲਿਆਂ ਨੂੰ ਪ੍ਰਦੂਸ਼ਿਤ ਨਾ ਕਰਨ।ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕਰੀਬ 52 ਸਥਾਨਾਂ ਤੋਂ ਜਲ ਸਰੋਤਾਂ ਵਿੱਚ ਅਣਸੋਧਿਆ ਪਾਣੀ ਪਾਇਆ ਜਾ ਰਿਹਾ ਹੈ ਜੋ ਕਿ ਜਲ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਉਨ੍ਹਾਂ ਉਨ੍ਹਾਂ ਜ਼ਿਲ੍ਹੇ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ,ਸਮੂਹ ਕਾਰਜ ਸਾਧਕ ਅਫ਼ਸਰਾਂ,ਐਕਸੀਅਨ ਡਰੇਨਜ਼ ਅਤੇ ਹੋਰ ਨੋਡਲ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲ ਸਰੋਤਾਂ ਵਿੱਚ ਅਣਸੋਧਿਆ ਪਾਣੀ ਨਾ ਪਾਉਣ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪ੍ਰੋਜੈਕਟ ਤਿਆਰ ਕਰਨ ਅਤੇ ਸਮਾਂਬੱਧ ਤਰੀਕੇ ਨਾਲ ਇਸ ਹੱਲ ਕੀਤਾ ਜਾਵੇ ।
ਉਹਨਾਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਕਮੇਟੀ ਇਸ ਮੁੱਦੇ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰ ਰਹੀ ਹੈ। ਇਸ ਕਮੇਟੀ ਨੇ ਜਲਦੀ ਹੀ ਅਗਲੀ ਸਮੀਖਿਆ ਮੀਟਿੰਗ ਕਰਨੀ ਹੈ। ਉਹਨਾਂ ਕਿਹਾ ਕਿ ਉਕਤ ਐਕਟਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ