8ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਨਾਟਕ ‘ਵੋ ਅਫ਼ਸਾਨਾ ਦੀ ਕੀਤੀ ਪੇਸ਼ਕਾਰੀ
ਜੀ ਐਸ ਪੰਨੂ
ਪਟਿਆਲਾ, 30ਨਵੰਬਰ2022: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ, ਨੌਰਥ ਜੋਨ ਕਲਚਰਲ ਸੈਂਟਰ ਪਟਿਆਲਾ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵਲੋਂ ਕਰਵਾਏ ਜਾ ਰਹੇ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ 8 ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਸ਼ਾਮੀਰ ਦੇ ਨਿਰਦੇਸ਼ਿਤ ਕੀਤੇ ਨਾਟਕ ‘ਵੋ ਅਫ਼ਸਾਨਾ ਦੀ ਪੇਸ਼ਕਾਰੀ ਕੀਤੀ ਗਈ। ਨਾਟਕ ਤੋਂ ਪਹਿਲਾਂ ਫੈਸਟੀਵਲ ਦਾ ਸੋਵੀਨਾਰ ਰੀਲੀਜ਼ ਕੀਤਾ ਗਿਆ। ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਕੌਰ ਗੋਲਡੀ ਨੇ ਕਿਹਾ ਕਿ ਰੰਗਮੰਚ ਸਮਾਜ ਦਾ ਸ਼ੀਸ਼ਾ ਹੈ, ਜੋ ਸਮਾਜ ਨੂੰ ਸਮੇਂ ਸਮੇਂ ਦਿਖਾਉਣਾ ਲਾਜ਼ਮੀ ਹੈ, ਤੇ ਸਾਰਥਕ ਰੰਗਮੰਚ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਨਾਟਕ ਵਿਚ ਅਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੇ ਰੁਹਾਨੀ ਇਸ਼ਕ ਨੂੰ ਬਰਤਾਂਤਕ, ਨਾਟਕੀਅਤ, ਕਵਿਤਾ ਤੇ ਲਾਈਵ ਸੰਗੀਤ ਰਾਹੀਂ ਬਿਆਨ ਕੀਤਾ ਗਿਆ ਹੈ। ਇਹ ਦੋ ਮਹਾਨ ਕਵੀਆਂ ਦੇ ਖਾਮੋਸ਼ ਤੇ ਅਣਕਹੇ ਪਿਆਰ ਦੀ ਦਾਸਤਾਨ ਹੈ। ਦੋਨਾਂ ਅਦਾਕਾਰਾਂ ਨੇ ਆਪਣੇ-ਆਪਣੇ ਪਾਤਰਾਂ ਨਾਲ ਇਕ-ਮਿਕ ਹੋ ਕੇ ਨਿਭਾਏ। ਦੋਨਾਂ ਦੀ ਬਾਹਰੀ ਦਿੱਖ ਵੀ ਦੋਨਾਂ ਕਵੀਆਂ ਨਾਲ ਮੇਲ ਖਾਂਦੀ ਸੀ, ਜੋ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਸੀ। ਅਮ੍ਰਿਤਾ ਦੀ ਬੇਟੀ ਦੇ ਛੋਟੇ ਜਿਹੇ ਕਿਰਦਾਰ ਨੂੰ ਕਰਮਨ ਬਜਾਜ ਨੇ ਬੜੀ ਹੀ ਸਹਿਜਤਾ ਨਾਲ ਨਿਭਾਇਆ। ਸ਼ਰੇਆ ਅਤੇ ਅੰਕਿਤ ਦੇ ਸੰਗੀਤ ਨੇ ਦਰਸ਼ਕਾਂ ਨੂੰ ਉਸ ਸਮੇਂ ਦਾ ਅਹਿਸਾਸ ਕਰਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।
ਪ੍ਰੋ. ਅਰਵਿੰਦ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਕਲਾਕਾਰਾਂ ਦੀ ਪ੍ਰਸੰਸਾ ਕਰਦਿਆਂ ਉਹਨਾਂ ਕਿਹਾ ਕਿ ਅਜਿਹੀ ਉਮਦਾ ਪੇਸ਼ਕਾਰੀ ਤੋਂ ਬਾਦ ਬੋਲਣਾ ਵਾਜਬ ਨਹੀਂ। ਅਸੀਂ ਇਸ ਨਾਟਕ ਦੇ ਪ੍ਰਭਾਵ ਨੂੰ ਆਪਣੇ ਜ਼ਹਿਨ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ। ਡਾ. ਗਗਨ ਦੀਪ ਥਾਪਾ (ਇੰਚਾਰਜ਼, ਯੁਵਕ ਭਲਾਈ ਵਿਭਾਗ) ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ । ਡਾ.ਇੰਦਰਜੀਤ ਸਿੰਘ (ਸਾਬਕਾ ਡੀਨ ਅਕਾਦਮਿਕ) ਦਲੀਪ ਸਿੰਘ ਉੱਪਲ, ਅਵਤਾਰ ਸਿੰਘ ਅਰੋੜਾ, ਡਾ. ਗੁਰਮੀਤ ਮਾਨ, ਡਾ. ਗੁਰਨਾਇਬ ਸਿੰਘ, ਪ੍ਰੀਤ ਮਹਿੰਦਰ ਸੇਖੋਂ, ਡਾ. ਕੁਲਦੀਪ ਕੌਰ, ਪ੍ਰਾਣ ਸੱਭਰਵਾਲ ਤੇ ਲਕਸ਼ਮੀ ਨਰਾਇਨ ਭੀਖੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।