ਚੀਫ ਖਾਲਸਾ ਦੀਵਾਨ ਵਿਖੇ ਹੋਇਆ ਸਾਹਿਤਕ ਸਮਾਗਮ
ਅੰਮ੍ਰਿਤਸਰ,1 ਦਸੰਬਰ, 2022 : ਪ੍ਰਵਾਸੀ ਪੰਜਾਬੀ ਵਫ਼ਦ ਦੀ ਪੰਜਾਬ ਫੇਰੀ ਅਤੇ ਪੰਜਾਬੀ ਮਾਹ ਦੌਰਾਨ ਬਹੁਤ ਸਾਰੀਆਂ ਥਾਂਵਾਂ ‘ਤੇ ਸੈਮੀਨਾਰ ਕੀਤੇ ਗਏ। ਨਾਲ਼ ਨਹੀਂ ਪੰਜਾਬ ਦੇ ਬੁੱਧੀਜੀਵੀਆਂ ਦੇ ਨਾਲ਼ ਨਾਲ਼ ਪੰਜਾਬੀ ਭਾਸ਼ਾ ਲਈ ਯਤਨ਼ਸ਼ੀਲ ਚਿੰਤਕਾਂ ਨਾਲ਼ ਸੰਵਾਦ ਰਚਾਏ ਗਏ।
ਇਹਨਾਂ ਵਿੱਚ ਨਟਾਲੀ ਰੰਗ ਮੰਚ ਅਤੇ ਭਾਰਤੀ ਲੋਕ ਰੰਗ ਮੰਚ ਨਾਲ਼ ਜੁੜੇ ਅਦੀਬਾਂ ਨਾਲ ਵਿਚਾਰ ਗੋਸ਼ਟੀਆਂ ਹੋਈਆਂ। ਇਸ ਵਿੱਚ ਗੁਰਦਾਸਪੁਰ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਗੁਰਿੰਦਰ ਸਿੰਘ ਕਲਸੀ, ਗੁਰਮੀਤ ਸਿੰਘ ਬਾਜਵਾ, ਰਸ਼ਪਾਲ ਸਿੰਘ ਘੁੰਮਣ, ਗੁਰਮੀਤ ਸਿੰਘ ਪਾਹੜਾ, ਪੰਜਾਬੀ ਵਿਕਾਸ ਮੰਚ, ਪੰਜਾਬ ਦੇ ਡਾ. ਗੁਰਇਕਬਾਲ ਸਿੰਘ ਕਾਹਲੋਂ, ਡਾ. ਜੋਗਾ ਸਿੰਘ ਜੀ ਅਤੇ ਰੰਗ ਮੰਚ ਦੀ ਧੜਕਣ ਤੇ ਮਹਾਨ ਹਸਤੀ ਡਾ. ਸਾਹਿਬ ਸਿੰਘ ਸ਼ਾਮਲ ਹੋਏ।
ਇਹਨਾਂ ਹੀ ਸਰਗਰਮੀਆਂ ਦੌਰਾਨ ਚੀਫ ਖਾਲਸਾ ਦੀਵਾਨ ਦੇ ਮੁੱਖ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਰਚਾਇਆ ਗਿਆ ਜਿਸ ਵਿੱਚ ਪੰਜਾਬ ਦੇ ਸ਼੍ਰੀ ਹਰਕਫਿਸ਼ਨ ਪਬਲਿਕ ਸਕੂਲ ਦੇ ਸਾਰੇ ਹੀ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬੀ ਵਿਕਾਸ ਮੰਚ ਯੂ.ਕੇ ਵਲੋਂ ਬਲਦੇਵ ਸਿੰਘ ਕੰਦੋਲਾ, ਸਰਦੂਲ ਸਿੰਘ ਮਾਰਵਾ ਐੱਮ.ਬੀ.ਈ ਤੇ ਸ਼ਿੰਦਰਪਾਲ ਸਿੰਘ ਮਾਹਲ ਨੇ ਪੰਜਾਬੀ ਦੇ ਤਕਨੀਕੀ ਵਿਕਾਸ, ਸ਼ੁੱਧ ਉੱਚਾਰਨ ਅਤੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਦੇ ਵਿਸ਼ੇ ਨੂੰ ਲੈ ਕੇ, ਕੰਪਿਊਟਰ ਦੀ ਵਰਤੋਂ ਅਤੇ ਤਰਕ ਸਹਿਤ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਪੰਜਾਬੀ ਵਿਕਾਸ ਮੰਚ ਯੂ.ਕੇ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਵਿਸ਼ੇਸ਼ ਯਾਦਗਾਰੀ ਭੇਂਟ ਅਤੇ ਲੋਈ ਨਾਲ਼ ਸਨਮਾਨਿਤ ਕੀਤਾ ਗਿਆ। ਡਾ. ਨਿੱਜਰ ਨੇ ਜਿੱਥੇ ਪੰਜਾਬੀ ਵਿਕਾਸ ਮੰਚ ਯੂ.ਕੇ (ਪਵਿਮ) ਦੇ ਉਪਰਲਿਆਂ ਲਈ ਧੰਨਵਾਦ ਕੀਤਾ, ਉੱਥੇ ਪੰਜਾਬੀ ਦੀ ਸੰਭਾਲ ਤੇ ਤਰੱਕੀ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਯਤਨਾਂ ਅਤੇ ਪ੍ਰਤੀਬੱਧਤਾ ਦਾ ਅਹਿਦ ਵੀ ਦਰਸ਼ਕ ਸਰੋਤਿਆਂ ਨਾਲ਼ ਸਾਂਝਾ ਕੀਤਾ। ਉਨ੍ਹਾਂ ਨੇ ਪਵਿਮ ਵੱਲੋਂ ਤਿਆਰ ਕੀਤੇ ਪੰਜਾਬੀ ਯੂਨੀਕੋਡ ਕੀਬੋਰਡ ਦੀ ਵਰਤੋਂ ਨੂੰ ਚੀਫ ਖਾਲਸਾ ਦੀਵਾਨ ਦੇ ਸਾਰੇ ਸਕੂਲਾਂ ਵਿੱਚ ਸ਼ੁਰੂ ਕਰਨ ਦਾ ਵੀ ਭਰੋਸਾ ਦਿਵਾਇਆ।