ਐਸਡੀਐਮ ਵਲੋਂ ਦਰਿਆ ਸਤਲੁਜ ਵਿੱਚ ਰੇਤੇ ਦੀ ਮਾਈਨਿੰਗ ਸਬੰਧੀ ਪਿੰਡਾਂ ਦਾ ਦੌਰਾ
ਦੀਪਕ ਜੈਨ
ਜਗਰਾਉਂ, 1 ਦਸੰਬਰ 2022 - ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਬ ਡਵੀਜ਼ਨ ਜਗਰਾਉਂ ਅਧੀਨ ਪੈਂਦੇ ਦਰਿਆ ਸਤਲੁਜ ਵਿੱਚ ਰੇਤੇ ਦੀ ਮਾਈਨਿੰਗ ਕਰਨ ਲਈ ਅੱਜ ਐਸਡੀਐਮ ਵਿਕਾਸ ਹੀਰਾ ਨੇ ਵੱਖ-ਵੱਖ ਪਿੰਡਾਂ ਮਧੇਪੁਰ, ਪਰਜੀਆਂ ਬਿਹਾਰੀਪੁਰ, ਕੰਨੀਆਂ ਹੁਸੈਨੀ, ਸੇਰੇਵਾਲ, ਹਿਆਤੇਵਾਲ, ਮੰਡ ਤਿਹਾੜਾ, ਬਾਘੀਆਂ, ਹੁਜਰਾ, ਗੱਗ ਕਲਾਂ, ਭੈਣੀ ਗੁੱਜਰਾਂ, ਅੱਕੂਵਾਲ, ਗੋਰਸੀਆਂ ਖਾਨ ਮੁਹੰਮਦ, ਮਾਣੀਏਵਾਲ, ਤਲਵੰਡੀ ਨੌ ਆਬਾਦ ਦਾ ਦੌਰਾ ਕੀਤਾ। ਇਸ ਮੌਕੇ ਪੀ.ਡਬਲਯੂ.ਡੀ. ਬੀ.ਐਂਡ ਆਰ. ਦੇ ਐਸ.ਡੀ.ਓ. ਸਹਿਜਪ੍ਰੀਤ ਸਿੰਘ ਮਾਂਗਟ, ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਮਨਪ੍ਰੀਤ ਸਿੰਘ, ਖੇਤੀਬਾੜੀ ਅਫਸਰ ਗੁਰਮੁੱਖ ਸਿੰਘ, ਸ਼ਹਾਬ ਅਹਿਮਦ, ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਮਾਲ ਵਿਭਾਗ ਦੇ ਪਟਵਾਰੀ ਹਾਜ਼ਰ ਸਨ।
ਇਸ ਮੌਕੇ ਐਸਡੀਐਮ ਵਿਕਾਸ ਹੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਅੱਜ ਸਬ ਡਵੀਜ਼ਨ ਜਗਰਾਉਂ ਅਧੀਨ ਪੈਂਦੇ ਸਤਲੁਜ ਦਰਿਆ ਦੇ ਏਰੀਆ ਦੀਆਂ ਕਰੀਬ 18 ਸਾਈਟਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਮਾਈਨਿੰਗ ਸਾਈਟਾਂ ਡਿਸਟ੍ਰਿਕ ਸਰਵੇ ਰਿਪੋਰਟਾਂ ਅਨੁਸਾਰ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਸਮਾਂ ਆਉਣ 'ਤੇ ਇਨ੍ਹਾਂ ਮਾਈਨਿੰਗ ਸਾਈਟਾਂ ਵਿਚੋਂ ਕੁਝ ਨਵੀਆਂ ਮਾਈਨਿੰਗ ਸਾਈਟਾਂ ਚਾਲੂ ਕੀਤੀਆਂ ਜਾ ਸਕਦੀਆਂ ਹਨ। ਅੱਜ ਦੌਰੇ ਦੌਰਾਨ ਕਿਸੇ ਵੀ ਸਾਈਟ 'ਤੇ ਰੇਤੇ ਦੀ ਮਾਈਨਿੰਗ ਨਹੀਂ ਪਾਈ ਗਈ ਕਿਉਂਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਹਰ ਤਰ੍ਹਾਂ ਦੀ ਰੇਤੇ ਦੀ ਮਾਈਨਿੰਗ 'ਤੇ ਪਾਬੰਦੀ ਲਗਾਈ ਗਈ ਹੈ।