ਜਲੰਧਰ: ਡੀ ਸੀ ਵੱਲੋਂ ਅੰਮ੍ਰਿਤਸਰ ਵਾਲੇ ਪਾਸੇ ਨਵੇਂ ਆਰ.ਓ.ਬੀ. ਦੇ ਨਿਰਮਾਣ ਲਈ ਜਗ੍ਹਾ ਦੇ ਮੁਆਇਨੇ ਲਈ ਪੀ.ਏ.ਪੀ. ਚੌਕ ਦਾ ਦੌਰਾ
- ਰੇਲਵੇ ਤੋਂ ਮਨਜ਼ੂਰੀ ਲੈਣ ਲਈ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ’ਤੇ ਦਿੱਤਾ ਜ਼ੋਰ
ਜਲੰਧਰ, 1 ਦਸੰਬਰ 2022 - ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਪੀ.ਏ.ਪੀ. ਪੁਲ ਵਾਲੀ ਥਾਂ ਦਾ ਦੌਰਾ ਕੀਤਾ ਗਿਆ, ਜਿੱਥੇ ਸਥਾਨਕ ਬੀ.ਐਸ.ਐਫ. ਚੌਕ ਵਾਲੇ ਪਾਸਿਓਂ ਅੰਮ੍ਰਿਤਸਰ ਵੱਲ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣ ਲਈ ਤਿੰਨ ਮਾਰਗੀ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਤਜਵੀਜ਼ ਪ੍ਰਕਿਰਿਆ ਅਧੀਨ ਹੈ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕਰਦਿਆਂ ਕਿਹਾ ਕਿ ਵਡੇਰੇ ਜਨਤਕ ਹਿੱਤਾਂ ਵਿੱਚ ਪੀ.ਏ.ਪੀ. ਜੰਕਸ਼ਨ ਦੇ ਸੁਧਾਰ ਲਈ ਉੱਚ ਪੱਧਰ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਉਥੇ ਲੱਗਣ ਵਾਲੇ ਟ੍ਰੈਫਿਕ ਜਾਮ ਨੂੰ ਘੱਟ ਕੀਤਾ ਜਾ ਸਕੇ। ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਐਨ.ਐਚ-1 ਦੇ ਪਾਣੀਪਤ-ਜਲੰਧਰ ਸੈਕਸ਼ਨ ਨੂੰ ਛੇ ਮਾਰਗੀ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਰਵਿਸ ਰੋਡ ਦਾ ਨਿਰਮਾਣ, ਆਰ.ਓ.ਬੀ. ਦੀ ਉਸਾਰੀ, ਸੱਜੇ ਪਾਸੇ ਤੋਂ ਸਾਈਟ 'ਤੇ ਪੈਂਦੀ 132 ਕੇ.ਵੀ. ਟਰਾਂਸਮਿਸ਼ਨ ਲਾਈਨ ਦਾ ਰੂਟ ਤਬਦੀਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਰੇਲਵੇ ਨਾਲ ਨਿਯਮਤ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋੜੀਂਦੀਆਂ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਇਸ ਮਹੱਤਵਪੂਰਨ ਮਾਰਗ 'ਤੇ ਕੰਮ ਸ਼ੁਰੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੀ.ਐਸ.ਐਫ ਚੌਕ ਵਾਲੇ ਪਾਸੇ ਤੋਂ ਪੀ.ਏ.ਪੀ. ਨੂੰ ਜਾਣ ਵਾਲੀ ਸੜਕ 'ਤੇ ਨਵਾਂ ਆਰ.ਓ.ਬੀ ਬਣਾਇਆ ਜਾਵੇਗਾ ਤਾਂ ਜੋ ਐਨ.ਐਚ.-1 ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਵੱਲ ਜਾਣ ਵਾਲੇ ਯਾਤਰੀਆਂ ਨੂੰ ਅਕਸਰ ਲੱਗਣ ਵਾਲੇ ਟ੍ਰੈਫਿਕ ਜਾਮਾਂ ਦਾ ਸਾਹਮਣਾ ਨਾ ਕਰਨਾ ਪਵੇ।ਇਹ ਵੀ ਦੱਸਿਆ ਗਿਆ ਕਿ ਨਵੇਂ ਜਲੰਧਰ ਬਾਈਪਾਸ ਦਾ ਨਿਰਮਾਣ ਪਹਿਲਾਂ ਹੀ ਪ੍ਰਸਤਾਵਿਤ ਕੀਤਾ ਜਾ ਚੁੱਕਾ ਹੈ ਅਤੇ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਟ੍ਰੈਫਿਕ ਜਾਮ ਵਿੱਚ ਭਾਰੀ ਕਮੀ ਆਵੇਗੀ।