ਇਤਿਹਾਸਕ ਗੁ: ਬੇਰ ਸਾਹਿਬ ਤੋਂ SGPC ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਦਸਤਖਤੀ ਮੁਹਿੰਮ ਦੀ ਸ਼ੁਰੂਆਤ
-ਜਥੇ ਕੁਲਾਰ , ਬੀਬੀ ਰੂਹੀ,ਜਥੇ ਡੋਗਰਾਂਵਾਲ, ਜਥੇ. ਕਲਿਆਣ ,ਬਾਜਵਾ ਤੇ ਰਿਆੜ ਨੇ ਸੰਗਤਾਂ ਦੇ ਭਰੇ ਪ੍ਰੋਫਾਰਮੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਦਸੰਬਰ 2022 ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਵੱਖ ਵੱਖ ਜੇਲਾਂ 'ਚ ਲੰਮੇ ਸਮੇਂ ਤੋਂ ਨਜਰਬੰਦ ਸਿੰਘਾਂ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ- ਨਿਰਦੇਸ਼ ਅਨੁਸਾਰ ਦੁਆਬੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਿੱਖ ਸੰਗਤਾਂ ਵੱਲੋਂ ਦਸਤਖਤ ਮੁਹਿੰਮ ਦੀ ਆਰੰਭਤਾ ਪ੍ਰੋਫਾਰਮੇ ਭਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਅਤੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਕਰਵਾਈ ਗਈ ।
ਇਸ ਸਮੇਂ ਆਯੋਜਿਤ ਵਿਸ਼ੇਸ਼ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਜਥੇ ਸਰਵਣ ਸਿੰਘ ਕੁਲਾਰ , ਜਥੇ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ , ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ , ਜਥੇ ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਇੰਜ. ਸਵਰਨ ਸਿੰਘ , ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਦੋਵੇਂ ਆਬਜਰਵਰ ਜਥੇ ਸੁਰਜੀਤ ਸਿੰਘ ਢਿੱਲੋਂ ਅਤੇ ਜਥੇ ਕੁਲਦੀਪ ਸਿੰਘ ਬੂਲੇ ਆਦਿ ਤੋਂ ਇਲਾਵਾ ਵੱਖ ਵੱਖ ਆਗੂ ਸਾਹਿਬਾਨ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ । ਜਿਨ੍ਹਾਂ ਆਪਣੇ ਪ੍ਰੋਫਾਰਮੇ ਭਰੇ ਤੇ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਪ੍ਰੋਫਾਰਮੇ ਭਰਕੇ ਦੇਣ ਦੀ ਅਪੀਲ ਕੀਤੀ ।
ਇਸ ਸਮੇਂ ਜਥੇ ਸਰਵਣ ਸਿੰਘ ਕੁਲਾਰ ਤੇ ਹੋਰ ਮੈਂਬਰਾਂ ਦੱਸਿਆ ਕਿ ਅੱਜ ਤੋਂ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੁੱਚੇ ਇਲਾਕੇ ਵਿਚ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ ।ਜਿਸ ਲਈ ਸੰਗਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਵਾਰ ਧਰਨੇ ਵੀ ਦਿੱਤੇ, ਮੰਗ ਪੱਤਰ ਵੀ ਦਿੱਤੇ ਅਤੇ ਰੋਸ ਮਾਰਚ ਵੀ ਕੀਤੇ ਪਰ ਸਰਕਾਰ ’ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਸਿੱਖ ਕੌਮ ਨੂੰ ਕਿਹਾ ਕਿ ਇਹ ਸਭ ਦਾ ਸਾਂਝਾ ਕਾਰਜ ਹੈ ਤੇ ਸਾਨੂੰ ਸਾਰਿਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ।
ਜਥੇ ਜਰਨੈਲ ਸਿੰਘ ਡੋਗਰਾਵਾਲ ਨੇ ਕਿਹਾ ਕਿ ਜਦੋਂ ਵੀ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਜ਼ੁਲਮੀ ਸਮਝਿਆ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਸਾਡਾ ਹੱਕ ਹੈ ਅਤੇ ਸਰਾਕਾਰਾਂ ਨੂੰ ਚਾਹੀਦਾ ਹੈ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਰਾਜੀਵ ਗਾਂਧੀ ਦੇ ਕਾਤਲ ਜੇਲ੍ਹੋਂ ਬਾਹਰ ਆ ਗਏ ਹਨ ਅਤੇ ਰੇਪ ਦੇ ਦੋਸ਼ੀ ਸਾਲ ’ਚ ਤਿੰਨ ਵਾਰ ਪਰੋਲ 'ਤੇ ਬਾਹਰ ਆ ਜਾਂਦੇ ਹਨ ਤਾਂ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਹੋਣ ’ਤੇ ਵੀ ਰਿਹਾਈ ਕਿਉਂ ਨਹੀਂ ਦਿੱਤੀ ਜਾ ਰਹੀ।
ਸ਼੍ਰੋਮਣੀ ਕਮੇਟੀ ਮੈਂਬਰ ਜਥੇ ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ ਅਸੀਂ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਨਾਲ ਹੀ ਹੋਰ ਆਗੂਆਂ ਵੱਲੋਂ ਵੀ ਹੋਰ ਵੱਖ ਵੱਖ ਥਾਵਾਂ ’ਤੇ ਵੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗਾਂ ਕਰਾਂਗੇ ਅਤੇ ਸਾਰੇ ਇਤਿਹਾਸਕ ਸਥਾਨਾਂ ’ਤੇ, ਚੌਂਕ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ ’ਤੇ ਇਸ ਮਹਿੰਮ ’ਚ ਦਾ ਪ੍ਰਚਾਰ ਕਰਾਂਗੇ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਦਸਤਖ਼ਤੀ ਫਾਰਮ ਨਾਲ ਲੈ ਕੇ ਪੰਜਾਬ ਗਵਰਨਰ ਕੋਲ ਵੀ ਆਪਣੇ ਹੱਕ ਲਈ ਧਰਨਾ ਦੇਵਾਂਗੇ।
ਇਸ ਸਮੇ ਆਪਣੇ ਸੰਬੋਧਨ 'ਚ ਮੈਨੇਜਰ ਸਤਨਾਮ ਸਿੰਘ ਰਿਆੜ ਤੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਰਾਜਪਾਲ ਪੰਜਾਬ ਨੂੰ ਦਿੱਤੇ ਜਾਣ ਵਾਲੇ ਇਹ ਪ੍ਰਫਾਰਮੇ ਭਰਕੇ ਮੰਗ ਕੀਤੀ ਜਾਵੇਗੀ ਕਿ ਸਮੁੱਚੇ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਨਜਰਬੰਦ ਅਨੇਕਾਂ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਅ ਨਾ ਕਰ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਦੇਸ਼ ਦੇ ਇਸੇ ਕਾਨੂੰਨ ਅਨੁਸਾਰ ਹੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦੀਆਂ ਸਜਾਵਾਂ ਦਿੱਤੀਆਂ ਗਈਆਂ ਸੀ, ਪਰ ਉਹ ਪਿਛਲੇ ਸਮੇਂ ਦੌਰਾਨ ਰਿਹਾਅ ਕਰ ਦਿੱਤੇ ਗਏ ਹਨ। ਰਾਮ ਰਹੀਮ ਕਤਲਾਂ ਅਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ ਅੰਦਰ ਬੰਦ ਹੈ ਪਰ ਦੇਸ਼ ਦੀ ਸਰਕਾਰ ਉਸਨੂੰ ਵੀ ਬਾਰ-ਬਾਰ ਪੈਰੋਲ ਤੇ ਜੇਲ੍ਹ ਤੋਂ ਬਾਹਰ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਸੀ. ਬੀ. ਆਈ. ਅਦਾਲਤਾਂ ਵੱਲੋਂ ਉਮਰ ਕੈਦ ਦੀਆਂ ਸਜ਼ਾਵਾਂ ਹੋਣ ਤੋਂ ਥੋੜੇ-ਥੋੜੇ ਸਮੇਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ, ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਤੰਬਰ 2019 ਵਿਚ ਕੁਝ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤਾ ਗਿਆ ਆਪਣਾ ਖੁਦ ਦਾ ਨੋਟੀਫਿਕੇਸ਼ਨ ਵੀ ਲਾਗੂ ਨਹੀਂ ਕੀਤਾ ਗਿਆ।
ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੇ ਨਕਾਰਾਤਮਕ ਰਵੱਈਏ ਕਾਰਨ ਸਿੱਖ ਕੌਮ ਅੰਦਰ ਵੱਡਾ ਰੋਸ ਬਣਿਆ ਹੋਇਆ ਹੈ ਅਤੇ ਇਸ ਨਾਲ ਸਰਕਾਰਾਂ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਹ ਦੁੱਖ ਹੈ ਕਿ ਕਰੀਬ ਪਿਛਲੇ 30 ਸਾਲਾਂ ਤੋਂ ਜੇਲਾਂ 'ਚ ਬੰਦ ਸਿੱਖਾਂ ਦੇ ਮਾਮਲਿਆਂ ਨੂੰ ਸਰਕਾਰਾਂ ਵੱਲੋਂ ਜਾਣਬੁਝ ਕੇ ਲਮਕਾਇਆ ਜਾ ਰਿਹਾ ਹੈ। ਉਮਰ ਕੈਦ ਤੋਂ ਦੁਗਣੀਆਂ ਸਜ਼ਾਵਾਂ ਭਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸੰਵਿਧਾਨ ਦੇ ਵੀ ਉਲਟ ਹੈ।ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰੰਭ ਕੀਤੀ ਇਸ ਦਸਤਖਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਅਤੇ ਸਹਿਯੋਗ ਕਰਦੇ ਹੋਏ ਵੱਧ ਤੋਂ ਵੱਧ ਸੰਗਤਾਂ ਦੇ ਦਸਤਖਤ ਕਰਵਾਉਣ। ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੀ ਇਸ ਮੁਹਿੰਮ ਦਾ ਹਿੱਸਾ ਬਣਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਤਨਾਮ ਸਿੰਘ,ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ, ਜਥੇ. ਪਰਮਿੰਦਰ ਸਿੰਘ ਖ਼ਾਲਸਾ ਜਾਰਜਪੁਰ, ਜਥੇ ਦਿਲਬਾਗ ਸਿੰਘ ਗਿੱਲ ਐਮ ਡੀ, ਸੀਨੀਅਰ ਆਗੂ ਜਥੇ ਅਮਰਜੀਤ ਸਿੰਘ ਖਿੰਡਾ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਸਿਮਰਜੀਤ ਧੀਰ, ਜਥੇ ਦਰਬਾਰਾ ਸਿੰਘ ਵਿਰਦੀ ਜਿਲ੍ਹਾ ਪ੍ਰਧਾਨ ਯੂਥ ਵਿੰਗ , ਸੁਮਿਤ ਭੱਲਾ ਸੀਨੀਅਰ ਯੂਥ ਆਗੂ , ਭਾਈ ਰਘਬੀਰ ਸਿੰਘ, ਡਾ. ਗੁਰਦੇਵ ਸਿੰਘ, ਬੀਬੀ ਬਲਜੀਤ ਕੌਰ ਕਮਾਲਪੁਰ, ਕਮਲਜੀਤ ਕੌਰ, ਮਨਦੀਪ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ ਸਾਬੂਵਾਲ, ਦਲਜੀਤ ਸਿੰਘ ਮੋਮੀ, ਭੂਪਿੰਦਰ ਸਿੰਘ ਰਿਕਾਰਡਕੀਪਰ, ਜਰਨੈਲ ਸਿੰਘ ਅਕਾਊਂਟੈਂਟ, ਸੁਖਜਿੰਦਰ ਸਿੰਘ ਭਗਤਪੁਰ, ਰਣਜੀਤ ਸਿੰਘ ਠੱਠਾ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਫੱਤੂ ਢੀਂਗਾ, ਬਲਵੰਤ ਸਿੰਘ, ਅਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੰਪੂਰਨ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਬਲਜਿੰਦਰ ਸਿੰਘ, ਵਿਜੇ ਕੁਮਾਰ, ਸੁਰਜੀਤ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ ਕੁਲਾਰ, ਰਾਗੀ ਜਸਵੀਰ ਸਿੰਘ, ਧਰਮ ਸਿੰਘ ਸਰਪੰਚ ਆਦਿ ਵੀ ਹਾਜ਼ਰ ਸਨ।