ਪ੍ਰਦੂਸ਼ਣ ਰੋਕਣ ‘ਚ ਵਿਦਿਆਰਥੀਆਂ ਦੀ ਭੂਮਿਕਾ ਅਹਿਮ : ਐਸਡੀਐਮ ਨਵਦੀਪ
- ਯੂਨੀਵਰਸਲ ਕਾਲਜ ਅਤੇ ਵਿਸਥਾਰ ਰੇੰਜ ਨੇ ਮਨਾਇਆ ਪ੍ਰਦੂਸ਼ਣ ਰੋਕਥਾਮ ਦਿਵਸ
ਜਗਤਾਰ ਸਿੰਘ
ਪਾਤੜਾਂ 2 ਦਸੰਬਰ 2022: ਪ੍ਰਦੂਸ਼ਣ ਦੀ ਰੋਕਥਾਮ ਵਾਤਾਵਰਣ ਦੀ ਸੰਭਾਲ ਵਿੱਚ ਵਿੱਦਿਆਰਥੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਹਰੇਕ ਵਿਦਿਆਰਥੀ ਨੂੰ ਵਾਤਾਵਰਣ ਅਤੇ ਕੁਦਰਤ ਪੱਖੀ ਸੋਚ ਆਪਣਾਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸਡੀਐਮ ਪਾਤੜਾਂ ਨਵਦੀਪ ਕੁਮਾਰ, ਪੀਸੀਐਸ ਨੇ ਕੀਤਾ।
ਉਹ ਐਸਡੀਐਮ ਦਫ਼ਤਰ ਪਾਤੜਾਂ ਵਿਖੇ ਯੂਨੀਵਰਸਲ ਕਾਲਜ ਐਂਡ ਆਟੀਆਈ ਵੱਲੋਂ ਆਯੋਜਿਤ ਇੱਕ ਰੋਜ਼ਾ ਐਨਐਸਐਸ ਕੈਂਪ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸਨ। ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਰਾਸ਼ਟਰੀ ਪ੍ਰਦੂਸ਼ਨ ਰੋਕਥਾਮ ਦਿਵਸ ਨੂੰ ਸਮਰਪਿਤ ਇਸ ਕੈਂਪ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇੰਜ (ਵਿਸਥਾਰ) ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ।
ਕੈਂਪ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ। ਕੈਂਪ ਅਤੇ ਜਾਗਰੂਕਤਾ ਰੈਲੀ ਦੀ ਅਗੁਵਾਈ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਵਾਈਸ ਚੇਅਰਮੈਨ ਵਰਿੰਦਰ ਸਿੰਘ ਧਾਲੀਵਾਲ, ਡਾਇਰੈਕਟਰ ਡਾ. ਅਮਰੀਸ਼ ਧਵਨ, ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਨੇ ਕੀਤੀ।
ਐਸਡੀਐਮ ਨਵਦੀਪ ਕੁਮਾਰ ਨੇ ਰਾਸ਼ਟਰੀ ਪ੍ਰਦੂਸ਼ਣ ਦਿਵਸ ਮੌਕੇ ਐਨਐਸਐਸ ਕੈਂਪ ਦਾ ਆਯੋਜਨ ਕਰਨ ਲਈ ਯੂਨੀਵਰਸਲ ਕਾਲਜ ਪ੍ਰਬੰਧਨ ਅਤੇ ਵਣ ਰੇੰਜ (ਵਿਸਥਾਰ) ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ ਕਿ ਜਾਗਰੂਕ ਵਿਦਿਆਰਥੀ ਹੀ ਕੱਲ ਦੇ ਜਾਗਰੂਕ ਨਾਗਰਿਕ ਬਨਣਗੇ ਅਤੇ ਦੇਸ਼ ਦੇ ਤਰੱਕੀ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਦੇਣਗੇ। ਕਾਲਜ ਦੇ ਡਾਇਰੈਕਟਰ ਡਾ. ਅਮਰੀਸ਼ ਧਵਨ ਨੇ ਵਾਤਾਵਰਣ ਅਤੇ ਸਮਾਜ ਦੇ ਪੱਖ ਵਿੱਚ ਕਾਲਜ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਚੇਅਰਮੈਨ ਵਰਿੰਦਰ ਸਿੰਘ ਧਾਲੀਵਾਲ ਨੇ ਐਸਡੀਐਮ ਨਵਦੀਪ ਕੁਮਾਰ ਅਤੇ ਵਣ ਰੇੰਜ (ਵਿਸਥਾਰ) ਦਾ ਧੰਨਵਾਦ ਪ੍ਰਗਟ ਕੀਤਾ।
ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਨੁਕਤੇ ਦੱਸੇ। ਐਨਐਸਐਸ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਐਸਡੀਐਮ ਪਾਤੜਾਂ ਦਫ਼ਤਰ ਕੰਪਲੈਕਸ ਵਿੱਚ ਸਫਾਈ ਅਭਿਆਨ ਅਤੇ ਪੌਦਾਰੋਪਣ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ਤੇ ਵਣ ਬੀਟ ਅਫ਼ਸਰ ਪੂਜਾ ਜਿੰਦਲ, ਪ੍ਰੋ. ਅਮਨਿੰਦਰ ਕੌਰ, ਪ੍ਰੋ. ਕਰਮਜੀਤ ਕੌਰ, ਪ੍ਰੋ. ਜਯੋਤੀ ਅਰੋੜਾ, ਟੋਨੀ ਸਿੰਘ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।