ਖਰੜ ਦੇ ਖੇਤਰ ਵਿਚ ਨਜਾਇਜ਼ ਮਾਈਨਿੰਗ ਕਰਨ ਅਤੇ ਨਜਾਇਜ਼ ਕਰੈਸ਼ਰ ਚਲਾਉਣ ਵਾਲਿਆਂ ਦੇ ਖਿਲਾਫ ਦਰਜ ਹੋਵੇਗੀ ਐਫ.ਆਈ.ਆਰ. ਰਵਿੰਦਰ ਸਿੰਘ
ਖਰੜ,3 ਦਸੰਬਰ, 2022: ਉਪ ਮੰਡਲ ਮੈਜਿਸਟ੍ਰੇਟ ਖਰੜ ਰਵਿੰਦਰ ਸਿੰਘ ਵਲੋਂ ਮਾਈਨਿੰਗ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਬ ਡਵੀਜ਼ਨ ਖਰੜ ਦੇ ਵੱਖ-ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਖਰੜ ਤਹਿਤ ਪੈਂਦੇ ਖੇਤਰਾਂ ਵਿਚ ਕਿਸੇ ਥਾਂ ’ਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਜਾਂ ਫਿਰ ਕੋਈ ਬਿਨਾਂ ਪ੍ਰਵਾਨਗੀ ਤੋਂ ਨਜਾਇਜ਼ ਤੌਰ ’ਤੇ ਕਰੈਸ਼ਰ ਚਲਾਉਦਾ ਹੈ ਤਾਂ ਉਸਦੇ ਖਿਲਾਫ ਐਫ.ਆਈ.ਆਰ. ਦਰਜ਼ ਹੋਵੇਗੀ ਅਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਖਤ ਹਦਾਇਤਾਂ ਹਨ ਕਿ ਕਿਤੇ ਵੀ ਨਜਾਇਜ਼ ਮਾਈਨਿੰਗ ਨਾ ਹੋਣ ਦਿੱਤੀ ਜਾਵੇ ਅਤੇ ਨਾ ਹੀ ਨਜਾਇਜ਼ ਤੌਰ ’ਤੇ ਕਰੈਸ਼ਰ ਚੱਲਣ ਦਿੱਤੇ ਜਾਣ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਬ ਡਵੀਜ਼ਨ ਖਰੜ ਤਹਿਤ ਖੇਤਰਾਂ ਵਿਚ ਵੱਖ-ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਅਤੇ ਨਜਾਇਜ਼ ਤੌਰ ’ਤੇ ਕਰੈਸ਼ਰ ਚਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਹ ਕੰਮ ਤੁਰੰਤ ਬੰਦ ਕਰ ਕਰਨ। ਅਗਰ ਚੈਕਿੰਗ ਦੌਰਾਨ ਇਹ ਪਾਇਆ ਜਾਂਦਾ ਹੈ ਤਾਂ ਕਰੈਸ਼ਰਾਂ ਦੀ ਮਸ਼ਨੀਰੀ ਨੂੰ ਜ਼ਬਤ ਕਰਨ ਤੋਂ ਇਲਾਵਾ ਸਬੰਧਿਤ ਵਿਅਕਤੀਆਂ ਦੇ ਖਿਲਾਫ ਐਫ.ਆਈ.ਦਰਜ਼ ਹੋਵੇਗੀ ਅਤੇ ਨਜਾਇਜ਼ ਕਰੈਸਰ ਦਾ ਸਮਾਨ ਵੀ ਜ਼ਬਤ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ.ਮੁੱਲਾਂਪੁਰ ਗਰੀਬ ਦਾਸ ਧਰਮਵੀਰ ਸਿੰਘ, ਥਾਣਾ ਮਾਜਰੀ ਦੇ ਐਸ.ਐਚ.ਓ.ਹਿੰਮਤ ਸਿੰਘ, ਐਸ.ਡੀ.ਓ.ਮਾਈਨਿੰਗ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਹਾਜ਼ਰ ਸਨ।