8 ਸਾਲ ਵਿਦੇਸ਼ 'ਚ ਲਾਉਣ ਤੋਂ ਬਾਅਦ ਪੰਜਾਬ ਆ ਕੇ ਕਿਸਾਨ ਨੇ ਗੁੜ ਬਣਾਉਣ ਦੀ ਕੀਤੀ ਸ਼ੁਰੂਆਤ, ਕਮਾ ਰਿਹੈ ਲੱਖਾਂ ਰੁਪਏ ਮਹੀਨਾ
ਦੇਖੋ ਕਿਵੇਂ ਤਿਆਰ ਹੁੰਦਾ ਹੈ ਦੇਸੀ ਗੁੜ
ਰੋਹਿਤ ਗੁਪਤਾ
ਗੁਰਦਾਸਪੁਰ, 3 ਦਸੰਬਰ 2022- ਕਰੀਬ 8 ਸਾਲ ਵਿਦੇਸ਼ ਵਿੱਚ ਕੰਮ ਕਰਨ ਤੋਂ ਬਾਅਦ ਵੀ ਜਦੋਂ ਖ਼ਾਸ ਪੈਸੇ ਨਹੀਂ ਜੁੜੇ ਤਾਂ ਨਿਰਾਸ਼ ਹੋ ਕੇ ਕਿਸਾਨ ਸੁਖਦੇਵ ਸਿੰਘ ਵਾਪਸ ਆਪਣੇ ਪਿੰਡ ਆ ਗਿਆ ਅਤੇ ਪਿੰਡ ਆ ਕੇ ਉਸਨੇ ਆਪਣੇ ਪਿਤਾ ਨਾਲ ਗੁੜ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਸਵਾ ਲੱਖ ਰੁਪਏ ਤੋਂ ਵੱਧ ਮਹੀਨਾ ਕਮਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜਕਲ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਬਹੁਤ ਜ਼ਿਆਦਾ ਉਤਸਾਹਿਤ ਹੁੰਦੀ ਹੈ ਪਰ ਵਿਦੇਸ਼ ਜਾ ਕੇ ਵੀ ਉਨੀ ਜ਼ਿਆਦਾ ਕਮਾਈ ਨਹੀਂ ਹੁੰਦੀ ਜਿੰਨੀ ਅਸੀਂ ਪੰਜਾਬ ਵਿੱਚ ਰਹਿ ਕੇ ਕਰ ਸਕਦੇ ਹਾਂ। ਉੱਥੇ ਜਾ ਕੇ ਵੀ ਮਿਹਨਤ ਕਰਨੀ ਪੈਂਦੀ ਹੈ ਪਰ ਜੇਕਰ ਬੰਦਾ ਮਿਹਨਤੀ ਹੋਵੇ ਤੇ ਇਥੇ ਰਹਿ ਕੇ ਵੀ ਕਮਾਈ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਉਹ ਖੁਦ ਗੁੜ ਵੇਚਕੇ ਸਵਾ ਲੱਖ ਰੁਪਏ ਮਹੀਨਾ ਕਮਾ ਰਿਹਾ ਹੈ, ਨਾਲ ਆਪਣੇ ਪਰਿਵਾਰ ਵਿੱਚ ਰਹਿਣ ਨਾਲ ਖ਼ੁਸ਼ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਗੁੜ ਬਣਾਉਣ ਲਈ ਪਹਿਲਾਂ ਗੰਨੇ ਦੀ ਫਸਲ ਲਗਾਉਣੀ ਪੈਂਦੀ ਹੈ ,ਇਸ ਤੋਂ ਬਾਅਦ ਉਸ ਨੂੰ ਤਿਆਰ ਹੋਣ ਵਿਚ ਤਕਰੀਬਨ ਅੱਠ ਮਹੀਨੇ ਦਾ ਸਮਾਂ ਲੱਗਦਾ ਹੈ। ਗੰਨੇ ਦੀ ਕਟਾਈ ਤੋਂ ਬਾਅਦ ਇਸਦਾ ਰਸ ਕੱਢਿਆ ਜਾਂਦਾ ਹੈ ਅਤੇ ਉਸਨੂੰ ਪਕਾ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਇਸ ਦਾ ਗੁੜ ਤਿਆਰ ਕੀਤਾ ਜਾਂਦਾ ਹੈ।ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਉਹ ਅਤੇ ਉਸਦੇ ਪਿਤਾ ਜੀ ਅਤੇ ਇਕ ਆਦਮੀ ਉਹਨਾਂ ਨੇ ਹੋਰ ਰੱਖਿਆ ਹੋਇਆ ਹੈ।
ਮਿਹਨਤ ਤਾਂ ਬਹੁਤ ਹੁੰਦੀ ਹੈ ਪਰ ਦਿਲ ਨੂੰ ਸਕੂਨ ਹੁੰਦਾ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਚੰਗੀ ਕਮਾਈ ਕਰ ਰਹੇ ਹਾਂ।ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਕਿ ਆਪਣੀ ਵਿਰਾਸਤ ਨਾ ਭੁੱਲੋ ਅਤੇ ਪੰਜਾਬ ਵਿੱਚ ਰਹਿ ਕੇ ਕੰਮ ਕਰਕੇ ਟਰੇਨ ਟਾਇਮ ਰਖਵਾਲਾ ਪੰਜਾਬ ਨੂੰ ਖੁਸ਼ਹਾਲ ਬਣਾਓ। ਉਸ ਨੇ ਕਿਹਾ ਕਿ ਪੁਰਾਣੇ ਬਜ਼ੁਰਗ ਵੀ ਗੁੜ ਖਾਣਾ ਪਸੰਦ ਕਰਦੇ ਸੀ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਅਸੀਂ ਬੱਚ ਸਕਦੇ ਹਾਂ। ਸ਼ੂਗਰ ਵਰਗੀ ਬਿਮਾਰੀ ਹੁਣ ਆਮ ਹੋ ਗਈ ਹੈ ਕਿਉੰਕਿ ਕੈਮੀਕਲ ਵਾਲੀਆਂ ਚੀਜ਼ਾਂ ਮਾਰਕੀਟ ਵਿੱਚ ਬਹੁਤ ਜ਼ਿਆਦਾ ਹੋ ਚੁਕੀਆਂ ਹਨ ਪਰ ਜੇ ਅਸੀਂ ਗੁੜ ਖਾਦੇ ਹਾਂ ਤਾਂ ਇਸ ਦੇ ਕਈ ਜ਼ਿਆਦਾ ਫਾਇਦੇ ਹਨ।