ਹਸਪਤਾਲ ਵਿੱਚ ਡਾਕਟਰ ਨਾ ਪਹੁੰਚਣ ਤੇ ਮਰੀਜ਼ਾਂ ਕੀਤੀ ਨਾਅਰੇਬਾਜ਼ੀ
ਰੋਹਿਤ ਗੁਪਤਾ
ਗੁਰਦਾਸਪੁਰ , 3 ਦਸੰਬਰ 2022 : ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਪੰਜਾਬ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਹੱਦੀ ਪੱਟੀ ਤੇ ਵਸੇ ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਪ੍ਰਮੁੱਖ ਸਿਹਤ ਕੇਂਦਰ ਕਲਾਨੌਰ ਵਿੱਚ ਸਾਢੇ ਨੌਂ ਵਜੇ ਵੱਖ ਵੱਖ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਨਾਂ ਪਹੁੰਚਣ ਤੇ ਮਰੀਜ਼ਾਂ ਵੱਲੋਂ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਤੇ ਦਵਾਈ ਲੈਣ ਆਏ ਮਰੀਜ਼ ਬਲਜੀਤ ਸਿੰਘ, ਰਣਜੀਤ ਸਿੰਘ, ਟਹਿਲ ਸਿੰਘ, ਸੁਰਜਨ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਹਸਪਤਾਲ ਵਿੱਚ ਆਪਣੇ ਇਲਾਜ ਲਈ ਆਏ ਹੋਏ ਹਨ ਪ੍ਰੰਤੂ ਅਜੇ ਤੱਕ ਕੋਈ ਡਾਕਟਰ ਹਸਪਤਾਲ ਵਿੱਚ ਨਹੀਂ ਪਹੁੰਚਿਆ ਹੈ।ਜਿਸ ਕਰਕੇ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਦੋਂ ਹਸਪਤਾਲ ਵਿੱਚ ਵੇਖਿਆ ਤਾਂ ਕੇਵਲ ਦੰਦਾਂ ਦਾ ਮਾਹਰ ਡਾਕਟਰ ਡਿਊਟੀ ਤੇ ਸੀ ਜਦਕਿ ਇਕ ਹੋਰ ਡਾਕਟਰ ਹਸਪਤਾਲ ਵਿਚ ਪ੍ਰਵੇਸ਼ ਕਰ ਰਿਹਾ ਸੀ ਪਰ ਓਪੀਡੀ ਅਤੇ ਹੋਰ ਕੋਈ ਡਾਕਟਰ ਹਸਪਤਾਲ ਵਿੱਚ ਮੌਜੂਦ ਨਹੀਂ ਸੀ। ਕਾਫੀ ਦੇਰ ਦਾ ਇੰਤਜਾਰ ਕਰਨ ਤੋਂ ਬਾਅਦ ਮਰੀਜ਼ਾਂ ਵੱਲੋਂ ਇਕੱਠੇ ਹੋ ਕੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਸਬੰਧੀ ਜਦੋਂ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਇਕ ਡਾਕਟਰ ਮੈਡੀਕਲ ਛੁੱਟੀ ਤੇ ਹੋਣ ਤੋਂ ਇਲਾਵਾ ਦੋ ਡਾਕਟਰ ਪੀਜੀ ਤੇ ਗਏ ਹਨ।