ਬਟਾਲਾ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ : ਵਿਧਾਇਕ ਸ਼ੈਰੀ ਕਲਸੀ
ਵਿਧਾਇਕ ਸ਼ੈਰੀ ਕਲਸੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ-ਮੌਕੇ ਤੇ ਕਰਵਾਈਆਂ ਹੱਲ
ਰੋਹਿਤ ਗੁਪਤਾ
ਗੁਰਦਾਸਪੁਰ , 3 ਦਸੰਬਰ 2022 : ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ , ਹਲਕਾ ਵਿਧਾਇਕ ਬਟਾਲਾ ਵਲੋਂ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਸੁਣਨ ਲਈ ਆਪਣੇ ਰਿਹਾਇਸ਼ ਵਿਖੇ ਲੋਕ ਮਿਲਣੀ ਕੀਤੀ ਗਈ ਤੇ ਮੌਕੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ, ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ਼ ਦਿੱਤੇ। ਗੱਲਬਾਤ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਤੇ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਬਟਾਲਾ ਵਿਖੇ ਲੋਕਹਿੱਤ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਹਲਕੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 60 ਲੱਖ ਰੁਪਏ ਦੀ ਲਾਗਤ ਨਾਲ ਲੀਕ ਵਾਲਾ ਤਲਾਬ (ਲੱਕੜ ਮੰਡੀ) ਵਿਖੇ ਸੜਕਾਂ ਦਾ ਕੰਮ ਸੁਰੂ ਕਰਵਾਇਆ ਗਿਆ। ਵਾਰਡ ਨੰਬਰ 41 ਤੇ 42 (ਠਠਿਆਰਾ ਮੁਹੱਲਾ) ਵਿਖੇ ਪਿਛਲੇ 25 ਸਾਲਾਂ ਤੋਂ ਰੁਕੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਦੀ ਲਾਗਤ 69.70 ਲੱਖ ਹੈ। ਇਸੇ ਤਰਾਂ 27 ਲੱਖ ਰੁਪਏ ਦੀ ਲਾਗਤ ਨਾਲ ਗੋਬਿੰਦ ਨਗਰ ਭੁੱਲਰ ਰੋਡ ਵਿਖੇ ਸੜਕ ਦਾ ਕੰਮ ਕਰਵਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਬਟਾਲਾ-ਡੇਰਾ ਬਾਬਾ ਨਾਨਕ ਫਲਾਈ ਓਵਰ ਹੇਠਲੀ ਸੜਕ ਦਾ ਨਿਰਮਾਣ ਕਰਵਾਇਆ ਗਿਆ। ਚੰਦਰ ਨਗਰ ਅਤੇ ਮੁਰਗੀ ਮੁਹੱਲਾ ਤੋਂ ਦਾਣਾ ਮੰਡੀ ਤੱਕ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ। ਬਟਾਲਾ- ਸ਼੍ਰੀ ਅੰਮ੍ਰਿਤਸਰ ਰੋਡ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਦੀ ਵੱਡੀ ਸਹੂਲਤ ਮਿਲੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਦੋ ਹੋਰ ਨਵੇਂ ਆਮ ਆਦਮੀ ਕਲੀਨਿਕ ਚੰਦਰ ਨਗਰ ਤੇ ਗਾਂਧੀ ਕੈਂਪ ਬਟਾਲਾ ਵਿਖੇ ਖੋਲੇ ਜਾ ਰਹੇ ਹਨ। ਇਸ ਤੋਂ ਪਹਿਲਾ ਪਿੰਡ ਮਸਾਣੀਆਂ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਵਿਚ ਮਰੀਜ਼ਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।