ਰਾਹਗਿਰ ਨਾਲ ਧੋਖਾਧੜੀ ਕਰਨ ਵਾਲੇ 2 ਕੈਂਟਰ ਚੋਰਾਂ ਨੂੰ ਕੀਤਾ ਕਾਬੂ
ਹਰੀਸ਼ ਕਾਲੜਾ
ਰੂਪਨਗਰ, 3 ਦਸੰਬਰ 2022: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ਼੍ਰੀ ਵਿਵੇਕ ਐੱਸ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਪ ਕਪਤਾਨ ਪੁਲਿਸ ਸਬ ਡਵੀਜਨ ਸ. ਤਰਲੋਚਨ ਸਿੰਘ ਵਲੋਂ ਦੋ ਕੈਂਟਰ ਚੋਰਾਂ ਨੂੰ ਕਾਬੂ ਕੀਤਾ ਹੈ ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਵਿਕਾਸ ਕੁਮਾਰ ਵਾਸੀ ਵਾਰਡ ਨੰ. 8 ਸੰਜੇ ਕਲੋਨੀ ਚੀਕਾ ਜ਼ਿਲ੍ਹਾ ਕੈਥਲ ਹਰਿਆਣਾ ਆਪਣੇ ਕੈਂਟਰ ਨੰਬਰ ਐੱਚ ਆਰ 54-7835 'ਤੇ ਊਨਾ (ਹਿਮਾਚਲ ਪ੍ਰਦੇਸ਼) ਤੋਂ ਆਲੂ ਲੋਡ ਕਰਕੇ ਵਾਪਸ ਜਾ ਰਿਹਾ ਸੀ ਤਾਂ ਜਦੋਂ ਭੱਠਾ ਸਾਹਿਬ ਚੌਂਕ ਪਾਸ ਪੁੱਜਾ ਤਾਂ ਮੋਰਿੰਡਾ ਸਾਇਡ ਵੱਲ ਨੂੰ ਜਾਣ ਵਾਸਤੇ ਇਕ ਬਲੈਰੋ ਪਿਕਅਪ ਗੱਡੀ ਆਈ, ਜਿਸ ਵਿੱਚ ਦੋ ਵਿਅਕਤੀਆਂ ਸਵਾਰ ਸੀ, ਤੋਂ ਰਸਤਾ ਪੁੱਛਿਆ, ਉਨ੍ਹਾਂ ਵਿਆਕਤੀਆਂ ਨੇ ਕਿਹਾ ਕਿ ਉਹ ਵੀ ਮੋਰਿੰਡਾ ਵੱਲ ਨੂੰ ਜਾ ਰਹੇ ਹਨ ਤੇ ਵਿਕਾਸ ਕੁਮਾਰ ਨੂੰ ਉਹਨਾਂ ਨੇ ਆਪਣੀ ਗੱਡੀ ਦੇ ਮਗਰ ਤੋਰ ਲਿਆ।
ਉਕਤ ਬਲੈਰੋ ਪਿਕਅਪ ਵਾਲਿਆ ਨੇ ਵਿਕਾਸ ਕੁਮਾਰ ਨੂੰ ਰੈਲੋਂ ਨਦੀ ਪਾਰ ਕਰਕੇ ਪਿੰਡ ਬਾੜਾ ਸਲੋਰਾ ਵੱਲ ਲੈ ਗਏ ਉਥੇ ਉਸ ਦੇ ਕੈਂਟਰ ਨੂੰ ਰੋਕ ਲਿਆ ਤੇ ਕੈਂਟਰ ਦੀ ਚਾਬੀ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਮੂੰਹ ਨੂੰ ਟੇਪ ਲਗਾ ਕੇ ਉਸ ਨੂੰ ਦਰਖਤ ਨਾਲ ਰੱਸੀਆਂ ਨਾਲ ਬੰਨ ਕੇ ਉਸ ਦੇ ਪੈਸੇ ਅਤੇ ਉਸ ਦਾ ਕੈਂਟਰ ਖੋਹ ਕੇ ਫ਼ਰਾਰ ਹੋ ਗਏ ਸਨ। ਡੀ.ਐਸ.ਪੀ. ਸ. ਤਿਰਲੋਚਨ ਸਿੰਘ ਵਲੋਂ ਇਨ੍ਹਾਂ ਦੋਸ਼ੀਆਂ 'ਤੇ ਮੁਕੱਦਮਾਂ ਨੰਬਰ 86 ਅ/ਧ 341, 382, 34 ਆਈ.ਪੀ.ਸੀ. ਥਾਣਾ ਸਿੰਘ ਭਗਵੰਤਪੁਰ ਦਰਜ ਵਿਖੇ ਰਜਿਸਟਰ ਕਰ ਕੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਅਤੇ ਪ੍ਰਭਾਵੀ ਢੰਗ ਨਾਲ ਨਾਕਾਬੰਦੀ ਅਤੇ ਪੈਟਰੋਲਿੰਗ ਕਰਵਾਈ ਗਈ, ਜਿਸ ਨੂੰ ਦੇਖਦਿਆਂ ਦੋਸ਼ੀ ਡਰਦੇ ਹੋਏ ਖੋਹੇ ਗਏ ਕੈਂਟਰ ਨੂੰ ਹੋਲੀ ਫ਼ੈਮਿਲੀ ਸਕੂਲ ਪਾਸ ਖੜਾ ਕਰਕੇ ਚਲੇ ਗਏ, ਜਿਹਨਾਂ ਦੀ ਨਿਰੰਤਰ ਭਾਲ ਕੀਤੀ ਜਾ ਰਹੀ ਸੀ। ਥਾਣਾ ਸਿੰਘ ਭਗਵੰਤਪੁਰ ਦੀ ਪੁਲਿਸ ਪਾਰਟੀ ਵੱਲੋਂ ਟੀ-ਪੁਆਇੰਟ ਖੁਆਸਪੁਰਾ ਪਾਸ ਨਾਕਾਬੰਦੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਸਿਤਾਰ ਅਲੀ ਵਾਸੀ ਪਿੰਡ ਬੇਰਮਪੁਰ ਲਾਡਲ ਥਾਣਾ ਅੰਦਰ ਰੂਪਨਗਰ ਅਤੇ ਬਿੱਟੂ ਵਾਸੀ ਵਾਲਮਿਕ ਮੁਹੱਲਾ ਨੇੜੇ ਪੁਰਾਣਾ ਸਿਵਲ ਹਸਪਤਾਲ ਨੂਰਪੁਰ ਬੇਦੀ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਤੀ ਗਈ ਗੱਡੀ ਮਹਿੰਦਰਾ ਬਲੈਰੋ ਪਿਕ ਅਪ ਨੰਬਰ ਪੀ.ਬੀ. 12 ਵਾਈ 4896 ਅਤੇ ਵਾਰਦਾਤ ਵਿਚ ਵਰਤਿਆ ਡੰਡਾ ਅਤੇ ਟੇਪ ਰੋਲ ਬਰਾਮਦ ਕੀਤੀ ਗਈ। ਦੋਸ਼ੀਆਂ ਵੱਲੋਂ ਕੈਂਟਰ ਵਿੱਚੋਂ ਖੋਹ ਕੀਤੀਆਂ 65 ਆਲੂਆਂ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ।