ਬਿਜਲੀ ਮੰਤਰੀ ਦੇ ਸ਼ਹਿਰ ਚ "ਦੀਵੇ ਥੱਲੇ ਹਨੇਰਾ", ਕੋਈ ਨਹੀਂ ਕਰਦਾ ਪਰਵਾਹ ਸਰਕਾਰੀ ਹੁਕਮਾਂ ਦੀ ! "ਟਿੱਚ ਜਾਣਦੇ ਨੇ ਐਨ ਆਰ ਆਈਜ਼ ਨੂੰ ਦਫਤਰੀ ਕਾਮੇਂ"
ਕੰਵਲਜੀਤ ਸਿੰਘ ਕੰਵਲ (ਟਰਾਂਟੋ ਕੈਨੇਡਾ)
ਟਰਾਂਟੋ, 3 ਦਸੰਬਰ 2022 - ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਐਨ ਆਰ ਆਈਜ਼ ਦੇ ਕੰਮਾਂ ਕਾਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਸਰਕਾਰੀ ਹੁਕਮਾਂ ਦੇ ਉਲਟ ਮੌਕੇ ਤੇ ਮੌਜੂਦ ਸਰਕਾਰੀ ਅਧਿਕਾਰੀਆਂ ਵੱਲੋਂ ਐਨ ਆਰ ਆਈਜ਼ ਦੇ ਲੋੜੀਦੇ ਦਫਤਰੀ ਕੰਮਾਂ ਨੂੰ ਕਿਵੇਂ ਅਣਗੌਲਿਆਂ ਅਤੇ ਐਨ ਆਰ ਆਈਜ਼ ਪਾਸ ਭਾਰਤ ਫੇਰੀ ਦੌਰਾਨ ਸੀਮਤ ਸਮੇਂ ਵਿੱਚੋਂ ਵਾਰ ਵਾਰ ਦਫਤਰਾਂ ਚ ਮਾਰੇ ਜਾਂਦੇ ਗੇੜਿਆਂ ਨੂੰ ਕਿਵੇਂ ਟਿੱਚ ਜਾਣਿਆਂ ਜਾਂਦਾ ਹੈ ਅਤੇ ਇਹ ਲੋਕ ਕਿਵੇਂ ਵਿਦੇਸ਼ਾਂ ਤੋਂ ਭਾਰਤੀ ਫੇਰੀ ਦੌਰਾਨ ਦਫਤਰੀ ਗੇੜਿਆਂ ਦੀ ਖੱਜਲ ਖੁਆਰੀ ਨਾਲ ਮੱਥਾ ਮਾਰਦਿਆਂ ਕਿਵੇਂ ਵਾਪਸ ਪਰਤ ਆਉਂਦੇ ਹਨ ਅਤੇ ਉਹਨਾਂ ਦੇ ਕੰਮ ਜਿਉਂ ਦੇ ਤਿਉਂ ਦਫਤਰਾਂ ਦੇ ਠੰਡੇ ਬਸਤਿਆਂ ਚ ਪਏ ਰਹਿੰਦੇ ਹਨ।
ਇਸ ਦੀ ਇਕ ਮਿਸਾਲ ਜਿਲਾ੍ਹ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੁ ਦੇ ਇਕ ਐਨ ਆਰ ਆਈ ਕੈਨੇਡਾ ਵੱਸਦੇ ਪਰਿਵਾਰ ਦੀ ਕਹਾਣੀ ਹੈ ਜੋ ਕਿ ਲੱਗ ਪੱਗ ਤਿੰਨ ਦਹਾਕੇ ਪਹਿਲਾਂ ਕੈਨੇਡਾ ਜਾ ਵੱਸਿਆ ਸੀ ਅਤੇ ਸਾਲ ਵਿੱਚ ਦੋ ਤਿੰਨ ਵਾਰੀ ਇਹ ਪਰਿਵਾਰ ਭਾਰਤ ਫੇਰੀ ਤੇ ਆਉਂਦਾ ਹੈ ਇਸ ਪਰਿਵਾਰ ਨੂੰ ਮਹਿਕਮਾਂ ਬਿਜਲੀ ਦੇ ਅਧਿਕਾਰੀਆਂ ਵੱਲੋਂ ਰੱਜ ਕੇ ਤੰਗ ਪਰੇਸ਼ਾਂਨ ਕੀਤਾ ਗਿਆ ਹੈ। ਸਿਤਮ ਜਰੀਫੀ ਦੀ ਗੱਲ ਇਹ ਕਿ ਇਸ ਸ਼ਹਿਰ ਤੋਂ ਚੁਣੇ ਗਏ ਵਿਧਾਇਕ ਹਰਭਜਨ ਸਿੰਘ ਪੰਜਾਬ ਸਰਕਾਰ ਵਿੱਚ ਬਿਜਲੀ ਮੰਤਰੀ ਤਾਇਨਾਤ ਹਨ।
ਲੱਗ ਪੱਗ ਦੋ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਜੰਡਿਆਲਾ ਗੁਰੁ ਦੀ ਕਲੋਨੀ ਜੋਤੀ ਸਰ ਦੇ ਮਕਾਨ ਨੰਬਰ 5847 ਵਿੱਚ ਥਰੀ ਫੇਸ ਕੁਨੈਕਸ਼ਨ ਲੱਗਵਾਇਆ ਗਿਆ ਜੋ ਕਿ ਕਾਗਜ਼ਾਂ ਚ ਤਾਂ ਥਰੀ ਫੇਸ ਲੱਗਿਆ ਅਤੇ ਬਿੱਲ ਵੀ ਥਰੀ ਫੇਸ ਦਾ ਤਾਰਿਆ ਜਾਂਦਾ ਰਿਹਾ ਪਰ ਇਸ ਕੁਨੈਕਸ਼ਨ ਨੂੰ ਨਾਂ ਤਾਂ ਥਰੀ ਫੇਸ ਦਾ ਮੀਟਰ ਲੱਗਿਆ ਅਤੇ ਨਾਂ ਹੀ ਇਹਨਾਂ ਸਤਰਾਂ ਲਿਖੇ ਜਾਣ ਤੱਕ ਥਰੀ ਫੇਸ ਦੀ ਕੇਬਲ ਹੀ ਪਈ ਜੋ ਕਿ ਅਤਜ ਦਿਨ ਤੱਕ ਸਿੰਗਲ ਫੇਸ ਤਾਰ ਅਤੇ ਸਿੰਗਲ ਫੇਸ ਮੀਟਰ ਤੇ ਹੀ ਚੱਲ ਰਿਹਾ ਹੈ ਜਦੋਂ ਕਿ ਬਿੱਲ ਥਰੀ ਫੇਸ ਦਾ ਚਾਰਜ ਕੀਤਾ ਜਾ ਰਿਹਾ ਹੈ। ਇਹ ਪਰਿਵਾਰ ਦੀ ਗੈਰ ਹਾਜਰੀ ਚ ਪਤਾ ਨਹੀਂ ਕੌਣ ਇਸ ਮੀਟਰ ਤੋਂ ਬਿਜਲੀ ਚੋਰੀ ਕਰਦਾ ਹੈ ਸਾਲ ਵਿੱਚ ਦੋ ਤਿੰਨ ਵਾਰੀ ਕੁੱਝ ਦਿਨਾਂ ਲਈ ਆਊਂਦਾ ਇਹ ਪਰਿਵਾਰ ਹਜਾਰਾਂ ਰੁਪੈ ਬਿੱਲ ਦੇਂਦਾ ਹੈ ਜਦੋਂ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਸ਼ਿਕਾਇਤ ਤੇ ਕਾਰਵਾਈ ਕਰਨ ਜਾਂ ਮੀਟਰ ਬਦਲਣ ਦੀ ਬਜਾਏ ਬਿਜਲੀ ਦਾ ਮੀਟਰ ਕੱਟ ਦੇਣ ਦੀਆਂ ਸਬੰਧਤ ਅਧਿਕਾਰੀਆਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਇਸੇ ਪਰਿਵਾਰ ਵੱਲੋਂ ਜੰਡਿਆਲਾ ਗੁਰੁ ਦੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੀ ਦੁਕਾਨ ਲਈ ਬਿਜਲੀ ਦਾ ਨਵਾਂ ਕੁਨੈਕਸ਼ਨ ਲੱਗਵਾਉਣ ਲਈ 6 ਸੱਤ ਸਾਲ ਪਹਿਲਾਂ ਅਰਜੀ਼ ਦਿੱਤੀ ਗਈ ਫੀਸ ਵੀ ਜਮਾਂ ਕਰਵਾਈ ਗਈ ਪਰ ਉਹ ਕੁਨੈਕਸ਼ਨ ਦੀ ਫਾਈਲ ਵੀ ਪਤਾ ਨਹੀਂ ਕਿਸ ਖੂਹ ਖਾਤੇ ਪੈ ਗਈ ਇਹ ਪਰਿਵਾਰ ਆਪਣੀ ਹਰ ਜੰਡਿਆਲਾ ਗੁਰੁ ਫੇਰੀ ਦੌਰਾਨ ਬਿਜਲੀ ਘਰ ਫੇਰੇ ਮਾਰਦਾ ਪਰ ਕੋਈ ਵਾਲੀ ਵਾਰਸ ਨਾਂ ਬਣਦਾ। ਇਸੇ ਸਾਲ ਜੁਲਾਈ ਮਹੀਨੇ ਦੀ ਫੇਰੀ ਦੌਰਾਨ ਮਿਤੀ 20 ਜੁਲਾਈ 2022 ਨੂੰ ਇਹਨਾਂ ਦੋਹਾਂ ਕੁਨੈਕਸ਼ਨਾਂ ਲਈ ਨਵੀਆਂ ਫਾਈਲਾਂ ਅਤੇ ਨਵੀਆਂ ਫੀਸਾਂ ਜਮਾ੍ਹ ਕਰਵਾਈਆਂ ਗਈਆਂ ਜੋ ਕਿ ਦੁਕਾਨ ਦੇ ਅਕਾਊਂਟ ਨੰਬਰ 3008131143 ਨਵੀਂ ਫਾਈਲ ਨਾਲ 5100 ਰੁਪਏ ਅਤੇ ਘਰ ਦਾ ਮੀਟਰ ਅਤੇ ਤਾਰ ਥਰੀ ਫੇਸ ਦੀ ਲਾਉਣ ਬਦਲੇ ਅਕਾਂਊਂਟ ਨੰਬਰ 3005465357 ਨਵੀਂ ਫਾਈਲ ਅਤੇ 8000 ਰੁਪਏ ਜਮਾ੍ਹ ਕਰਵਾਏ ਗਏ, ਇਕ ਹਫਤੇ ਦੀ "ਭੱਜ ਨੱਠ" ਪਿੱਛੋਂ ਕਾਗਜਾਂ ਦਾ "ਪੂਰਾ ਢਿੱਡ" ਤੇ ਰਿਪੋਰਟਾਂ ਮੁਕੰਮਲ ਹੋਈਆਂ ਪਰ ਪਰ 6 ਮਹੀਨੇਂ ਤੋਂ ਬਾਅਸ ਇਸ ਪਰਿਵਾਰ ਇਸੇ ਸਾਲ ਦੀ ਇਸ ਨਵੰਬਰ ਫੇਰੀ ਦੌਰਾਨ ਵੀ ਨਾਂ ਤਾਂ ਘਰੇਲੂ ਕੁਨੈਕਸ਼ਨ ਤੇ ਥਰੀ ਫੇਸ ਮੀਟਰ ਹੀ ਲੱਗਿਆ ਅਤੇ ਨਾਂ ਹੀ ਥਰੀ ਫੇਸ ਤਾਰ ਹੀ ਪਈ, ਇੱਥੇ ਹੀ ਬੱਸ ਨਹੀਂ ਦੁਕਾਨ ਲਈ ਨਵੇਂ ਕੁਨੈਕਸ਼ਨ ਲਈ ਜਮਾਂ੍ਹ ਨਵੀਂ ਫਾਈਲ ਅਤੇ ਫੀਸ ਦਾ ਵੀ ਕੋਈ ਵਾਲੀਵਾਰਸ ਨਹੀਂ ਮਿਲਿਆ ਅਤੇ ਇਹ ਪਰਿਵਾਰ ਦਫਤਰਾਂ ਦੇ ਧੱਕੇ ਖਾ ਕੇ ਵਾਪਸ ਕੈਨੇਡਾ ਪਰਤ ਆਇਆ। ਕੀ ਪੰਜਾਬ ਦੇ ਬਿਜਲੀ ਮੰਤਰੀ ਆਪਣੇ ਸ਼ਹਿਰ ਦੇ ਬਿਜਲੀ ਘਰ ਅੰਦਰ ਫੈਲੇ ਹਨੇਰੇ ਤੇ ਚਾਨਣਾਂ ਪਾਉਣਗੇ ? ਕੀ ਪੰਜਾਬ ਸਰਕਾਰ ਦੇ ਐਨ ਆਰ ਆਈਜ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਐਨ ਆਰ ਆਈਜ਼ ਦੇ ਛੋਟੇ ਛੋਟੇ ਕੰਮਾਂ ਅਤੇ ਮੁੱਢਲੀਆਂ ਸੁੱਖ ਸੇਵਾਵਾਂ ਲਈ ਦਫਤਰਾਂ ਚ ਹੁੰਦੀ ਖੱਜਲ ਖੁਆਰੀ ਲਈ ਕੋਈ ਯੋਗ ਕਦਮ ਪੁੱਟਣਗੇ ?