ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ’ਤੇ ਮੋਰਚੇ 8ਵੇਂ ਦਿਨ ਜਾਰੀ
ਕੇਂਦਰੀ ਮੰਤਰੀਆਂ ਦੀ ਤਰਜ਼ ’ਤੇ ਬੋਲ ਰਹੇ ਨੇ ਖੇਤੀਬਾੜੀ ਮੰਤਰੀ : ਅੱਲੜਪਿੰਡੀ
ਰੋਹਿਤ ਗੁਪਤਾ
ਗੁਰਦਾਸਪੁਰ, 4 ਦਸੰਬਰ, 2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਡੀਸੀ ਦਫ਼ਤਰ ਗੁਰਦਾਸਪੁਰ ਅੱਗੇ ਵੇਂ ਦਿਨ ਵੀ ਜਾਰੀ ਮੋਰਚੇ ਵਿਚ ਪਹੁੰਚੇ। ਇਸ ਸਮੇਂ ਬੋਲਦੇ ਹੋਏ ਆਗੂ ਹਰਦੀਪ ਸਿੰਘ ਫੋਜੀ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਹਰਵਿੰਦਰ ਸਿੰਘ ਮਸਾਣੀਆਂ ਅਤੇ ਜਤਿੰਦਰ ਸਿੰਘ ਵਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਦਾ ਕਹਿਣਾ ਕਿ "ਜੁਮਲਾ ਮੁਸ਼ਤਰਕਾ ਜ਼ਮੀਨ ਨੂੰ ਲੈ ਕੇ ਕਿਸਾਨਾਂ ਦੇ ਮਨਾਂ ਵਿਚ ਸ਼ੰਕੇ ਹਨ " ਉਹਨਾਂ ਦਾ ਇਹ ਬਿਆਨ ਬਿਲਕੁਲ ਉਸੇ ਤਰ੍ਹਾਂ ਦਾ ਬਿਆਨ ਹੈ ਜਿਵੇਂ ਦਾ ਬਿਆਨ ਕਾਲੇ ਕਨੂੰਨਾਂ ਵੇਲੇ ਕੇਂਦਰ ਦੇ ਮੰਤਰੀ ਅਤੇ ਕੁਝ ਸਿਆਸਤਦਾਨ ਦੇ ਰਹੇ ਸਨ। ਉਹਨਾਂ ਕਿਹਾ ਕਿ ਲੋਕਾਂ ਦੇ ਫੈਸਲੇ ਵੀ ਦਿੱਲੀ ਮੋਰਚੇ ਵਾਲੇ ਹੀ ਹਨ "ਅਗਰ ਮੰਗਾ ਪੂਰੀਆਂ ਤੇ ਕਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ "। ਇਸ ਮੌਕੇ ਉਹਨਾਂ ਧਰਨਾਕਾਰੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮਾਨ ਦੇ ਮੰਤਰੀਆਂ ਦੀ ਗੁੰਡਾਗਰਦੀ ਦਾ ਆਲਮ ਇਹ ਹੈ ਕਿ ਉਹਨਾਂ ਨੂੰ ਸਵਾਲ ਕਰਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੰਤਰੀਆਂ ਦਾ ਮੁੱਖ ਕੰਮ ਸਿਰਫ ਪਾਰਟੀ ਦਾ ਚੋਣ ਲਈ ਪ੍ਰਚਾਰ ਕਰਨ ਦਾ ਰਹਿ ਗਿਆ ਹੈ। ਆਗੂਆਂ ਕਿਹਾ ਕਿ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਕਿਸਾਨ ਮਜ਼ਦੂਰ ਵਰਗ ਦੇ ਲੋਕਾਂ ਦੇ ਉਥਾਨ ਲਈ ਯੂਨੀਵਰਿਟੀਆਂ ਦੀ ਖੋਜ ਦੇ ਨਤੀਜੇ ਦੇ ਬਾਅਦ ਵੀ ਕੁਝ ਨਹੀਂ ਕੀਤਾ। ਅੱਜ ਵੀ ਰੋਜ਼ਾਨਾ 3-4 ਕਿਸਾਨ ਮਜ਼ਦੂਰ ਆਰਥਿਕ ਕਾਰਨਾਂ ਕਰਕੇ ਖ਼ੁਦਕੁਸ਼ੀਆਂ ਕਰ ਰਹੇ ਹਨ, ਲੋਕਾਂ ਨਾਲ ਬਦਲਾਵ ਦੇ ਨਾਅਰੇ ਹੇਠ ਵਾਅਦੇ ਕਰਨ ਵਾਲੀ ਪਾਰਟੀ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੈ। ਉਹਨਾਂ ਕਿਹਾ ਕਿ ਅੱਜ ਵੀ ਅਖ਼ਬਾਰ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ ਹਨ। ਸਰਕਾਰ ਓਹ ਕੰਮ ਕਰਨ ਵਿਚ ਵੀ ਫੇਲ੍ਹ ਸਾਬਿਤ ਹੋਈ ਹੈ ਜਿਸ ਲਈ ਪੈਸੇ ਦੀ ਨਹੀਂ ਬਲਕਿ ਸਿਰਫ ਇੱਛਾ ਸ਼ਕਤੀ ਦੀ ਘਾਟ ਹੈ।ਉਹਨਾਂ ਕਿਹਾ ਕਿ ਜਥੇਬੰਦੀ ਲਗਾਤਾਰ ਦੇਸ਼ ਅਤੇ ਪੰਜਾਬ ਦੇ ਹਿਤਾਂ ਤੇ ਪਹਿਰੇ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਮੋਰਚੇ ਦੀਆਂ ਮੰਗਾਂ ਲੋਕਾਂ ਨੂੰ ਟੁੰਬ ਰਹੀਆਂ ਹਨ ਅਤੇ ਤੇ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵਧ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕਰਨੀਆਂ ਹੋਣਗੀਆਂ ਅਤੇ ਜਿੰਨੀ ਦੀ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਮੋਰਚੇ ਜਾਰੀ ਰਹਿਣਗੇ ਕਿਉਂਕਿ ਲੋਕ ਲੰਬੇ ਲੜਨ ਦਾ ਮਨ ਬਣਾ ਚੁੱਕੇ ਹਨ।
ਇਸ ਮੌਕੇ ਸੁਖਵਿੰਦਰ ਸਿੰਘ ਗੋਤ, ਡਾਕਟਰ ਹਰਦੀਪ ਸਿੰਘ, ਹਰਵਿੰਦਰ ਸਿੰਘ ਖਜਾਲਾ, ਹਰਜੀਤ ਸਿੰਘ ਲੀਲਕਲਾ, ਪਰਮਿੰਦਰ ਸਿੰਘ ਚੀਮਾ ਖੁੱਡੀ, ਸਤਨਾਮ ਸਿੰਘ ਮੰਧਰੈ ਗੁਰਮੁਖ ਸਿੰਘ ਖਾਨਮਲੰਕ, ਗੁਰਪ੍ਰੀਤ ਸਿੰਘ ਖ਼ਾਨਪੁਰ, ਹਰਭਜਨ ਸਿੰਘ ਵੈਰੋਨੰਗਲ ਆਦਿ ਹਾਜ਼ਰ ਸਨ ।