ਤਫ਼ਤੀਸ਼ ਪੂਰੀ ਹੋਣ ਮਗਰੋਂ ਅਧਿਆਪਕ ਉਪਰ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦਾ ਮੁਕੱਦਮਾ ਦਰਜ
ਦੀਪਕ ਜੈਨ
ਜਗਰਾਉਂ, 4 ਦਸੰਬਰ 2022 - ਸਰਕਾਰੀ ਸੀਨੀਅਰ ਸੈਕੰਡਰੀ ਸ਼ੇਰਪੁਰ ਕਲਾਂ ਦੇ ਅਧਿਆਪਕ ਵਲੋਂ ਆਪਣੇ ਸਕੂਲ ਦੀ 10ਵੀਂ ਕਲਾਸ `ਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਤਹਿਤ ਥਾਣਾ ਸਦਰ ਜਗਰਾਉ ਵਿਖੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਪੁਲਸ ਵਲੋਂ ਇਹ ਮਾਮਲਾ ਜਿ਼ਲਾ ਸਿੱਖਿਆ ਅਫਸਰ (ਸ) ਜਸਵਿੰਦਰ ਕੌਰ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਵਿਦਿਆਰਥਣ ਨੇ ਆਪਣੇ ਸਕੂਲ ਦੇ ਅਧਿਆਪਕ ਮਨਦੀਪ ਸਿੰਘ (ਲਾਇਬ੍ਰੇਰੀ ਰਿਸਟੋਟਰ) ਪੁੱਤਰ ਜਸਪਾਲ ਸਿੰਘ ਵਾਸੀ ਜਗਰਾਓ ਖਿਲਾਫ ਦੋਸ਼ ਲਗਾਏ ਸਨ ਕਿ ਪਿਛਲੇ 6 ਮਹੀਨਿਆਂ ਤੋਂ ਜਦੋਂ ਉਹ ਲਾਇਬ੍ਰੇਰੀ ਜਾਦੀ ਸੀ ਤਾਂ ਅਧਿਆਪਕ ਉਸ ਨਾਲ ਛੇੜ-ਛਾੜ ਤੇ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ ਤੇ ਇੱਕ ਵਾਰ ਪਿੰਡ ਲੀਲ੍ਹਾਂ ਮੇਘ ਸਿੰਘ ਦੀ ਮੋਟਰ `ਤੇ ਲਿਜਾ ਕੇ ਉਸ ਨਾਲ ਜਬਰ-ਜਨਾਹ ਵੀ ਕੀਤਾ ਸੀ।
ਵਿਦਿਆਰਥਣ ਅਨੁਸਾਰ ਅਧਿਆਪਕ ਵਲੋਂ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਗਰਭ ਨਿਰੋਧਕ ਦਵਾਈ ਵੀ ਦਿੱਤੀ ਗਈ ਸੀ, ਜਿਸ ਦੀ ਉਸ ਵਲੋਂ ਵਰਤੋਂ ਕੀਤੀ ਗਈ। ਉਸ ਸਮੇਂ ਦੋਸ਼ੀ ਅਧਿਆਪਕ ਖਿਲਾਫ ਕਾਰਵਾਈ ਕਰਵਾਉਣ ਲਈ ਚਾਰ ਪੰਜ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸਕੂ਼ਲ ਨੂੰ ਤਾਲਾ ਲਗਾ ਕੇ ਰੋਸ ਵੀ ਪ੍ਰਗਟ ਕੀਤਾ ਗਿਆ ਸੀ। ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਸ ਸਮੇਂ ਸਕੂਲ ਵਿਚ ਪੁੱਜੇ ਜਿ਼ਲਾ ਸਿੱਖਿਆ ਅਫਸਰ ਵਲੋਂ ਵਿਦਿਆਰਥਣ, ਪੰਚਾਇਤਾਂ, ਸਕੂਲ ਦੀਆਂ ਵਿਦਿਆਰਥਣਾਂ ਤੇ ਹੋਰਾਂ ਦੇ ਲਏ ਬਿਆਨਾਂ ਤੇ ਬਾਅਦ ਵਿਚ ਕੀਤੀ ਗਈ ਪੜਤਾਲ ਤੋਂ ਅਧਿਆਪਕ ਨੂੰ ਵਿਦਿਆਰਥਣ ਨਾਲ ਜਬਰ-ਜਨਾਹ ਦਾ ਦੋਸ਼ੀ ਪਾਇਆ ਗਿਆ, ਜਿਨ੍ਹਾਂ ਵਲੋਂ ਜਿਲਾ ਪੁਲਸ ਮੁਖੀ ਨੂੰ ਦੋਸ਼ੀ ਅਧਿਆਪਕ ਖਿਲਾਫ ਕਾਰਵਾਈ ਕਰਨ ਲਈ ਕੀਤੀ ਗਈ ਸਿਫਾਰਸ਼ ਤੋਂ ਬਾਅਦ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।