ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਥੇ ਸੋਢੀ ਦੀ ਅਗਵਾਈ 'ਚ ਖਾਲਸਾ ਵਹੀਰ ਦਾ ਨਿੱਘਾ ਸਵਾਗਤ
ਸੁਲਤਾਨਪੁਰ ਲੋਧੀ, 5 ਦਸੰਬਰ 2022 : ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ 'ਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰੰਭ ਕੀਤੇ ਗਏ 'ਖਾਲਸਾ ਵਹੀਰ' ਦਾ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ 'ਤੇ ਪੁੱਡਾ ਕਾਲੌਨੀ ਮੁਹਰੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਯੂਥ ਵਿੰਗ ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇ. ਮੁਖਤਿਆਰ ਸਿੰਘ ਸੋਢੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਸੰਗਤਾਂ ਤੇ ਨੌਜਵਾਨਾਂ ਵੱਲੋਂ ਨਿੱਘਾ ਸਵਾਗਤ ਜੈਕਾਰੇ ਲਗਾ ਕੇ ਕੀਤਾ ਗਿਆ ਤੇ ਇਸ ਸਮੇਂ ਜਥੇ ਸੋਢੀ ਡਡਵਿੰਡੀ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸ਼ਾਮਲ ਸਿੰਘਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ।
ਸਵਾਗਤ ਕਰਨ ਉਪਰੰਤ ਜਥੇ ਸੋਢੀ ਨੇ ਕਿਹਾ ਕਿ ਖਾਲਸਾ ਵਹੀਰ ਦਾ ਸਿੱਖ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਸਵਾਗਤ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਦੌਰਾਨ ਵੱਡੀ ਗਿਣਤੀ 'ਚ ਨੌਜਵਾਨ ਨਸ਼ੇ ਛੱਡ ਰਹੇ ਹਨ ਤੇ ਦਾੜੀ ਕੇਸ ਰੱਖ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਰਹੇ ਹਨ । ਉਨ੍ਹਾਂ ਦੱਸਿਆ ਕਿ ਇਹ ਲਹਿਰ ਬਹੁਤ ਵੱਡੀ ਬਣਕੇ ਫੈਲ ਚੁੱਕੀ ਹੈ ।
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਹਮੇਸ਼ਾਂ ਹੀ ਪੰਥਕ ਮੁੱਦਿਆਂ, ਸੂਬੇ ਦੇ ਹੱਕਾਂ ਅਤੇ ਵੱਖ ਵੱਖ ਸਮਿਆਂ ਦੀਆਂ ਹਕੂਮਤਾਂ ਵੱਲੋਂ ਕੀਤੇ ਗਏ ਸਿੱਖੀ ਦੇ ਘਾਣ ਸਬੰਧੀ ਸਪੱਸ਼ਟਤਾ ਨਾਲ ਅਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਅਤੇ ਨੌਜਵਾਨ ਗੁਰਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਯਤਨ, ਨੌਜਵਾਨਾਂ ਨੂੰ ਪਤਿਤਪੁਣੇ ਤੋਂ ਹਟਾ ਕੇ ਗੁਰ ਘਰ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਸ ਸਮੇਂ ਉਨ੍ਹਾਂ ਨਾਲ ਅਮ੍ਰਿਤ ਸਿੰਘ ,ਮਨਜਿੰਦਰ ਸਿੰਘ ਮੰਨਾ , ਗੁਰਪ੍ਰੀਤ ਸਿੰਘ , ਰਣਜੀਤ ਸਿੰਘ , ਲਵਪ੍ਰੀਤ ਸਿੰਘ ,ਸੰਤੋਖ ਸਿੰਘ , ਰਾਜਨਬੀਰ ਸਿੰਘ ,ਹਰਮਨਬੀਰ ਸਿੰਘ , ਹਰਜਿੰਦਰ ਸਿੰਘ , ਹਰਜੀਤ ਸਿੰਘ , ਪਲਵਿੰਦਰ ਸਿੰਘ , ਬਲਦੇਵ ਸਿੰਘ , ਗੁਰਪ੍ਰੀਤ ਸਿੰਘ ,ਕਰਨਪ੍ਰੀਤ ਸਿੰਘ , ਮਹਿੰਦਰ ਕੌਰ, ਜਸਵੀਰ ਕੌਰ , ਰਾਮ ਸਿੰਘ , ਅਮਨਦੀਪ ਸਿੰਘ , ਸੁਖਵਿੰਦਰ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ ।