ਗੁ: ਬੇਰ ਸਾਹਿਬ ਪੁੱਜੀ ਖਾਲਸਾ ਵਹੀਰ, ਬੋਲੇ ਸੋ ਨਿਹਾਲ ਸਾਤਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਿਆ ਅਸਮਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 5 ਦਸੰਬਰ 2022 : ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤਪਾਨ ਕਰਵਾਉਣ ਦੇ ਮਨੋਰਥ ਨਾਲ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ‘ਖਾਲਸਾ ਵਹੀਰ’ ਮੁਹਿੰਮ ਦਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜਣ ਤੇ ਗੁਰਦੁਆਰਾ ਪ੍ਰਬੰਧਕਾਂ , ਵੱਖ ਵੱਖ ਧਾਰਮਿਕ ਜਥੇਬੰਦੀਆਂ ਅਤੇ ਹਜਾਰਾਂ ਇਲਾਕਾ ਵਾਸੀ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਸ਼ਾਮ ਦੇ 5 ਵਜੇ ਤੋਂ ਹੀ ਵੱਡੀ ਗਿਣਤੀ 'ਚ ਸੰਗਤਾਂ ਪੁੱਜ ਗਈਆਂ ਸਨ ।ਖਾਲਸਾ ਵਹੀਰ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਸ਼ਸ਼ੋਬਿਤ ਸੀ ।
ਜਿਸਦੇ ਸੰਗਤਾਂ ਦਰਸ਼ਨ ਕੀਤੇ । ਇਸ ਸਮੇ ਬੋਲੇ ਸੋ ਨਿਹਾਲ ਸਾਤਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆ ।ਖਾਲਸਾ ਵਹੀਰ ਦੇ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ 'ਚ ਪੁੱਜ ਕੇ ਅਰਦਾਸ ਕੀਤੀ ਗਈ ਤੇ ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਜਥੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਦੀਵਾਨ ਹਾਲ 'ਚ ਪ੍ਰਕਾਸ਼ ਕੀਤਾ ਗਿਆ । ਇਸ ਸਮੇਂ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਬੇਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ । ਜਿਸ ਵਿਚ ਆਲੇ ਦੁਆਲੇ ਨੂੰ ਟੈੰਟ ਦੇ ਪੱਲੇ ਲਗਾ ਕੇ ਕਵਰ ਕੀਤਾ ਗਿਆ ਤੇ ਸਖਤ ਸਕਿਉਰਿਟੀ ਦੇ ਪ੍ਰਬੰਧ ਰਾਹੀਂ ਸੰਗਤਾਂ ਨੂੰ ਦੀਵਾਨ ਹਾਲ 'ਚ ਨਤਮਸਤਕ ਹੋਣ ਲਈ ਭੇਜਿਆ ਗਿਆ । ਜਿਸ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਹੁਕਮਨਾਮਾ ਸੁਣਾਇਆ ਗਿਆ ਤੇ ਉਪਰੰਤ ਭਾਈ ਸਾਹਿਬ ਦੇ ਨਾਲ ਆਏ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ । ਉਪਰੰਤ ਸੰਗਤਾਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ ਗਏ । ਬਾਬਾ ਬਿਧੀ ਚੰਦ ਜੀ ਸੰਪਰਦਾਇ ਵੱਲੋਂ ਵੀ ਗੁਰਦੁਆਰਾ ਸਾਹਿਬ ਨੇੜੇ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ।
*6 ਨੂੰ ਸੈਫਲਾਬਾਦ ਲਈ ਰਵਾਨਾ ਹੋਵੇਗਾ* -------
ਉਪਰੰਤ ਪ੍ਰਬੰਧਕਾ ਨੇ ਦੱਸਿਆ ਕਿ ਖਾਲਸਾ ਵਹੀਰ ਮੁਹਿੰਮ ਤਹਿਤ 5 ਦਸੰਬਰ ਨੂੰ ਪੂਰਾ ਦਿਨ ਤੇ ਰਾਤ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਦੀਵਾਨ ਸਜਾਏ ਜਾਣਗੇ ਅਤੇ 6 ਦਸੰਬਰ ਨੂੰ ਸਵੇਰੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਉਪਰੰਤ ਖਾਲਸਾ ਵਹੀਰ ਸੈਫਲਾਬਾਦ ਨੂੰ ਅਗਲੇ ਪੜਾਅ ਲਈ ਰਵਾਨਾ ਹੋਵੇਗੀ ।
ਇਸ ਸਮੇਂ ਭਾਈ ਗੁਰਮੀਤ ਸਿੰਘ , ਕਰਮਜੀਤ ਸਿੰਘ ਸਵਾਲ ਤੇ ਹੋਰਨਾਂ ਸੰਗਤਾਂ ਸਿਰੋਪੇ ਦੇ ਕੇ ਸਨਮਾਨ ਕੀਤਾ ।