ਆਸ਼ੀਰਵਾਦ ਪੋਰਟਲ ਰਾਹੀਂ ‘ਆਸ਼ੀਰਵਾਦ ਸਕੀਮ’ ਦਾ ਲਾਭ ਲੈ ਸਕਣਗੇ ਲਾਭਪਾਤਰੀ
https://ashirwad.punjab.gov.in// ਪੋਰਟਲ ’ਤੇ ਜਮ੍ਹਾਂ ਹੋਣਗੇ ਆਨਲਾਈਨ ਬਿਨੈਪੱਤਰ, ਲਾਭਪਾਤਰੀਆਂ ਦਾ ਬਚੇਗਾ ਸਮਾਂ
ਜਲੰਧਰ, 05 ਦਸੰਬਰ 2022: ਪੰਜਾਬ ਸਰਕਾਰ ਵਲੋਂ ਲਾਭਪਾਤਰੀਆਂ ਦੀ ਸਹੂਲਤ ਲਈ ਆਸ਼ੀਰਵਾਦ ਸਕੀਮ ਤਹਿਤ ਵਿੱਤੀ ਮਦਦ ਦਾ ਲਾਭ ਦੇਣ ਲਈ ਆਸ਼ੀਰਵਾਦ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀਂ ਲਾਭਪਾਤਰੀ ਸਕੀਮ ਦਾ ਲਾਭ ਲੈਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵਲੋਂ https://ashirwad.punjab.gov.in// ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਵਰਤੋਂ ਨਾਲ ਲਾਭਪਾਤਰੀਆਂ ਦਾ ਕਾਫ਼ੀ ਸਮਾਂ ਬਚੇਗਾ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਕਿਰਿਆ ਨਾਲ ਆਸ਼ੀਰਵਾਦ ਸਕੀਮ ਦਾ ਲਾਭ ਮਿਲਣ ਨਾਲ ਆਫ਼ਲਾਈਨ ਦਰਖਾਸਤਾਂ ਦੇਣ ਵੇਲੇ ਦਰਪੇਸ਼ ਮਾਮੂਲੀ ਦਿੱਕਤਾਂ ਤੋਂ ਨਿਜਾਤ ਮਿਲੇਗੀ। ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨੇ ਆਸ਼ੀਰਵਾਦ ਪੋਰਟਲ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈਕਾਰ 31 ਦਸੰਬਰ 2022 ਤੱਕ ਆਨਲਾਈਨ ਜਾਂ ਆਫ਼ਲਾਈਨ ਬਿਨੈਪੱਤਰ ਜਮ੍ਹਾ ਕਰਵਾ ਸਕੇਗਾ ਅਤੇ 1 ਜਨਵਰੀ 2023 ਤੋਂ ਸਿਰਫ਼ ਆਨਲਾਈਨ ਅਰਜ਼ੀਆਂ ਹੀ ਵਿਚਾਰੀਆਂ ਜਾਣਗੀਆਂ।