ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰੇਮ ਆਸ਼ਰਮ ਸਕੂਲ ਵਿਚ ਠੰਡੇ ਪਾਣੀ ਦੀ ਮਸ਼ੀਨ ਲਗਵਾਈ
ਦਲਜੀਤ ਕੌਰ
ਅੰਮ੍ਰਿਤਸਰ, 05 ਦਸੰਬਰ, 2022: ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਰੋਟੇਰੀਅਨ ਚੰਦਰਮੋਹਣ ਅਤੇ ਰਚਨਾ ਸਿੰਗਲਾ ਨੇ ਆਪਣੇ ਪਿਤਾ ਸ੍ਰੀ ਤੀਰਥ ਰਾਮ ਜੀ ਦੀ ਯਾਦ ਵਿੱਚ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸਕੱਤਰ ਅਮਨ ਸ਼ਰਮਾ ਦੀ ਅਗਵਾਈ ਵਿੱਚ ਬਲੂ ਸਟਾਰ ਕੰਪਨੀ ਦੀ ਠੰਡੇ ਪਾਣੀ ਦੀ ਮਸ਼ੀਨ ਲਗਵਾਈ।
ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 553 ਸਾਲ ਪਹਿਲਾਂ ਧਰਤੀ ਅਤੇ ਜਲ ਦੀ ਮਹੱਤਤਾ ਬਾਰੇ ਲੁਕਾਈ ਨੂੰ ਅਗਾਹ ਕੀਤਾ ਸੀ ਕਿ ਇਸ ਧਰਤੀ ’ਤੇ ਜੇਕਰ ਜੀਵਨ ਨੂੰ ਸੰਭਣ ਰੱਖਣਾ ਹੈ ਤਾਂ ਧਰਤੀ ਅਤੇ ਜਲ ਦੇ ਸੋਮਿਆਂ ਨੂੰ ਸੰਭਾਲਣਾ ਬਹੁਤ ਜਰੂਰੀ ਹੈ। ਇਸ ਮੌਕੇ ਚੰਦਰਮੋਹਣ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਫਤ ਕਰਦਿਆਂ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਕਿ ਅਜਿਹੇ ਦਾਨ ਸਿਰਫ ਚੰਗੇ ਸੰਸਕਾਰਾਂ ਕਰਕੇ ਹੀ ਦਿੱਤੇ ਜਾਂਦੇ ਹਨ ਅਤੇ ਇਹ ਇਸ ਪਰਿਵਾਰ ਦਾ ਵਿਦਿਆਰਥੀਆਂ ਲਈ ਇਕ ਨੇਕ ਉਪਰਾਲਾ ਹੈ।
ਵਿਦਿਆਰਥੀਆਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਪੜ੍ਹ ਲਿਖ ਕੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰਨ ਅਤੇ ਇਸੇ ਤਰ੍ਹਾਂ ਭਵਿੱਖ ਵਿਚ ਲੋੜਵੰਦ ਵਿਦਆਰਥੀਆਂ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਸਮਾਜ ਨੂੰ ਬਿਹਤਰ ਬਣਾਉਣਾ। ਇਸ ਮੌਕੇ ਡਾਇਰੈਕਟਰ ਪ੍ਰਦੀਪ ਸਰੀਨ, ਰਿਸ਼ੀ ਕੱਦ ਅਤੇ ਸਕੂਲ ਸਟਾਫ ਨੇ ਟੀਮ ਆਸਥਾ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ।
ਇਸ ਮੌਕੇ ਅਸ਼ਵਨੀ ਅਵਸਥੀ, ਅਮਨ ਸ਼ਰਮਾ ਚੰਦਰਮੋਹਣ ਅਤੇ ਪ੍ਰਦੀਪ ਸਰੀਨ ਨੇ ਵਿਦਆਰਥੀਆਂ ਨੂੰ ਵਿੱਦਿਆ ਅਤੇ ਪਾਣੀ ਦੇ ਮਹਤੱਵ ਬਾਰੇ ਦੱਸਿਆ। ਇਥੇ ਇਹ ਦਸਣਯੋਗ ਹੈ ਕਿ ਚੰਦਰਮੋਹਣ ਪਰਿਵਾਰ ਪਹਿਲਾ ਵੀ ਆਪਣੀ ਮਾਤਾ ਦੀ ਯਾਦ ਵਿੱਚ ਜਗਦੇਵ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਘਰ ਦੇ ਨੇੜੇ ਮੰਦਿਰ ਵਿੱਚ ਠੰਡੇ ਪਾਣੀ ਦੀਆਂ ਮਸ਼ੀਨਾਂ ਲਗਵਾ ਚੁੱਕੇ ਹਨ।
ਇਸ ਮੌਕੇ ਰੋਟਰੀਅਨ ਡਾਕਟਰ ਗਗਨਦੀਪ ਸਿੰਘ, ਪਰਮਜੀਤ ਸਿੰਘ, ਹਰਦੇਸ਼ ਦਵੇਸਰ, ਜਤਿੰਦਰ ਸਿੰਘ, ਅਸ਼ੋਕ ਸ਼ਰਮਾ, ਪ੍ਰਦੀਪ ਕਾਲੀਆ, ਮਨਮੋਹਨ ਸਿੰਘ, ਸਰਬਜੀਤ ਸਿੰਘ, ਕੇ ਐਸ ਚੱਠਾ,ਸਿੰਮੀ ਬੇਦੀ, ਅੰਦੇਸ਼ ਭੱਲਾ, ਵਿਪਨ ਕੁਮਾਰ, ਵਿਮਲ ਕੁਮਾਰ, ਪ੍ਰਦੀਪ ਸ਼ਰਮਾ, ਕਵਲਜੀਤ ਸਿੰਘ, ਅਵਤਾਰ ਸਿੰਘ ਸੱਭਰਵਾਲ ਅਤੇ ਸਮੂਹ ਸਟਾਫ ਹਾਜ਼ਰ ਸੀ।