ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਪੀਏ ਲਵਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੰਦੇ ਪ੍ਰਧਾਨ ਮਨਜੀਤ ਕੌਰ ਤੇ ਨਾਲ ਹੋਰ ਮੈਂਬਰ।
ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ -ਮਨਜੀਤ ਕੌਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦਿੱਤਾ ਮੰਗ ਪੱਤਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 5 ਦਸੰਬਰ 2022: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਐਮ ਐਲ ਏ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਬਲਾਕ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਦੇ ਪੀਏ ਲਵਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਮੁੱਖ ਮੰਤਰੀ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ। ਬਲਾਕ ਪ੍ਰਧਾਨ ਮਨਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ ਤਿੰਨ ਸਾਲ ਤੋਂ ਛੇ ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਭੇਜ ਦਿਤੇ ਸਨ,ਨੂੰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਆਪ ਦੀ ਪਾਰਟੀ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇ।ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਚਾਰ ਸਾਲਾਂ ਤੋਂ ਖਾਲੀ ਪਈਆਂ ਹਜਾਰਾਂ ਅਸਾਮੀਆਂ ਦੀ ਭਾਰਤੀ ਤੁਰੰਤ ਸ਼ੁਰੂ ਕੀਤੀ ਜਾਵੇ।ਕਿਉਕਿ ਵਰਕਰਾਂ ਤੇ ਹੈਲਪਰਾਂ ਤੋਂ ਬਿਨਾ ਆਂਗਣਵਾੜੀ ਸੈਂਟਰਾਂ ਨੂੰ ਚਲਾਉਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ।ਮਿਲਦੇ ਨਿਗੂਣੇ ਮਾਣ ਭੱਤੇ ਵਿੱਚੋਂ ਕੋਲੋਂ ਪੈਸੇ ਖਰਚ ਕਰਕੇ ਕੰਮ ਚਲਾ ਰਹੀਆਂ ਹਨ।ਭਰਤੀ ਦੇ ਨਿਯਮਾਂ ਵਿੱਚ ਪਿਛਲੀ ਸਰਕਾਰ ਵਲੋਂ ਕੁੱਝ ਤਰੁੱਟੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਅਸੀਂ ਠੀਕ ਕਰਨ ਦੀ ਮੰਗ ਕਰਦੇ ਹਾਂ।ਮਹਿਕਮੇ ਨੇ ਠੀਕ ਕਰਨਾ ਮੰਨ ਲਿਆ ਹੈ ਪਰ ਲਾਗੂ ਨਹੀਂ ਕੀਤਾ ਜਾ ਰਿਹਾ।ਉਹਨਾਂ ਤਰੁੱਟੀਆਂ ਨੂੰ ਦੂਰ ਕਰਕੇ ਨਵੀਂ ਭਰਤੀ ਨਿਯਮਾਂ ਵਿੱਚ ਸੋਧਾਂ ਕੀਤੀਆਂ ਜਾਣ।ਐਨਜੀਓ ਅਧੀਨ ਕੰਮ ਕਰਦਿਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ।ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ।ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਤੇ 250 ਰੁਪਏ ਦਿੱਤੇ ਜਾਣ।ਮਹੀਨੇ ਵਿੱਚ ਪੋਸ਼ਣ ਵਿਭਾਗ ਦੇ ਤਹਿਤ ਪ੍ਰੋਗਰਾਮ ਕੀਤੇ ਜਾਂਦੇ ਹਨ।ਜਿੰਨਾ ਲਈ ਖਰਚਾ ਪ੍ਰਤੀ ਮਹੀਨਾ ਪੰਜ ਸੋ ਰੁਪਏ ਦਾ ਬਜਟ ਸਰਕਾਰ ਵਲੋਂ ਵਰਕਰਾਂ ਨੂੰ ਦੇਣ ਲਈ ਉਪਲਬਧ ਹੈ।ਪਰ ਪਿਛਲੇ ਚਾਰ ਸਾਲਾਂ ਤੋਂ ਇਹ ਪੈਸੇ ਨਹੀਂ ਦਿੱਤੇ ਜਾ ਰਹੇ।ਪਰ ਇਹ ਪ੍ਰੋਗਰਾਮ ਹਰ ਮਹੀਨੇ ਕਰਵਾਏ ਜਾ ਰਹੇ ਹਨ ਤੇ ਵਰਕਰਾਂ ਕੋਲੋਂ ਪੈਸੇ ਖਰਚ ਰਹੀਆਂ ਹਨ।ਕੋਰੋਨਾ ਕਾਲ ਨੂੰ ਛੱਡ ਕੇ ਬਾਕੀ ਪ੍ਰੋਗਰਾਮਾਂ ਦੇ ਪੈਸੇ ਤੁਰੰਤ ਦਿੱਤੇ ਜਾਣ।ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ।ਪੀਐਮਵੀਵਾਈ ਦੇ 2017 ਤੋਂ ਪੈਂਡਿੰਗ ਪਏ ਪੈਸੇ ਰਲੀਜ ਕੀਤੇ ਜਾਣ।ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਆਂਗਨਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ।ਆਂਗਣਵਾੜੀ ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਹੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਈ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ ਦੋ ਰੁਪਏ ਦਿੱਤੇ ਜਾਣ ਕਿਉਂਕਿ ਗੈਸ ਸਿਲੰਡਰ ਦੇ ਭਾਅ ਅਸਮਾਨੀ ਚੜ੍ਹ ਗਏ ਹਨ।ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ।ਹਾਜਰ ਆਂਗਣਵਾੜੀ ਸੈਂਟਰਾਂ ਵਿੱਚ ਮੁੱਢਲੀਆਂ ਲੋੜੀਦੀਆਂ ਚੀਜ਼ਾਂ ਜਿਵੇਂ ਗੈਸ ਸਿਲੰਡਰ,ਬਰਤਨ,ਦਰੀਆਂ, ਫਰਨੀਚਰ ਕੰਨਟੇਨਰ ਆਦਿ ਨਹੀਂ ਹਨ ਇੰਨਾ ਚੀਜਾਂ ਨੂੰ ਮੁਹਈਆ ਕਰਵਾਇਆ ਜਾਵੇ।ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਰਜਿਸ਼ਟਰ ਅਤੇ ਹੋਰ ਲੋੜੀਦੇ ਕਾਗਜ ਪੱਤਰ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਸੈਂਟਰਾਂ ਦੀ ਸਾਫ ਸਫਾਈ ਕਰਨ ਲਈ ਕੋਈ ਸਮਾਨ ਦਿੱਤਾ ਜਾ ਰਿਹਾ ਹੈ।ਜਦੋਂ ਕਿ ਇਸ ਦੇ ਪ੍ਰਬੰਧ ਲਈ ਬਕਾਇਦਾ ਪੰਜ ਹਜ਼ਾਰ ਰੁਪਏ ਪ੍ਰਤੀ ਆਂਗਣਵਾੜੀ ਸੈਂਟਰ ਬਜਟ ਹੁੰਦਾ ਹੈ।ਸਾਡੀ ਮੰਗ ਹੈ ਕਿ ਇਹ ਪੈਸਾ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਕਿ ਉਹ ਸਾਰਾ ਸਮਾਨ ਆਪ ਖਰੀਦ ਸਕਣ।ਵਾਧੂ ਚਾਰਜ ਦਾ ਕੰਮ ਕਰਦਿਆਂ ਵਰਕਰ ਨੂੰ ਮਹੀਨੇ ਦੇ ਸਿਰਫ 50 ਰੁਪਏ ਹੀ ਦਿੱਤੇ ਜਾਂਦੇ ਹਨ।ਸਾਡੀ ਮੰਗ ਹੈ ਕਿ ਘਟੋ ਘੱਟ ਪੰਜ ਹਜ਼ਾਰ ਰੁਪਏ ਮਹੀਨਾ ਹੋਣਾ ਚਾਹੀਦਾ ਹੈ।ਇਸ ਮੌਕੇ ਤੇ ਆਸ਼ਾ ਰਾਣੀ,ਕੁਲਵਿੰਦਰ ਕੌਰ ਬੁਸੋਵਾਲ,ਸੁਖਦੀਪ ਕੌਰ ਹੈਬਤਪੁਰ ,ਰਣਜੀਤ ਕੌਰ ਦੀਪੇਵਾਲ ,ਸਵਿਤਾ ਤਲਵੰਡੀ ਚੌਧਰੀਆਂ,ਮਨਪ੍ਰੀਤ ਕੌਰ ਤਲਵੰਡੀ ਚੌਧਰੀਆਂ,ਹਰਜਿੰਦਰ ਕੌਰ, ਸੁਖਪ੍ਰੀਤ ਕੌਰ ਡਡਵਿੰਡੀ, ਆਸ਼ਾ ਪਰਮਜੀਤ ਪੁਰ ਆਦਿ ਵੀ ਹਾਜ਼ਰ ਸਨ।