ਪਟਿਆਲਾ: ਗਿਆਰਾਂ ਦਸੰਬਰ ਨੂੰ ਗਿਆਰਾਂ ਵੱਜੇ ਮੰਗ ਪੱਤਰ ਮੈਂਬਰ ਪਾਰਲੀਮੈਂਟ ਨੂੰ ਕਾਫ਼ਲੇ ਦੇ ਰੂਪ ਵਿੱਚ ਸੌਂਪਿਆ ਜਾਵੇਗਾ:ਸਯੁੰਕਤ ਕਿਸਾਨ ਮੋਰਚਾ
ਜੀ ਐਸ ਪੰਨੂ
ਪਟਿਆਲਾ, 05 ਦਸੰਬਰ, 2022: ਸਯੁੰਕਤ ਕਿਸਾਨ ਮੋਰਚਾ ਪਟਿਆਲਾ ਦੀ ਸਾਂਝੀ ਮੀਟਿੰਗ ਗੁਰਬਚਨ ਸਿੰਘ ਕਨਸੂਹਾਂ ਦੀ ਪ੍ਰਧਾਨਗੀ ਹੇਠ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ ਦੇ ਸਮੂਹ ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਪਿਛਲੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ, ਮੰਗ ਪੱਤਰ ਦੇਣ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕਰ ਕੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ ਗਿਆਰਾਂ ਦਸੰਬਰ ਨੂੰ ਗਿਆਰਾਂ ਵਜੇ ਪੁੱਡਾ ਗਰਾਊਂਡ ਨੇੜੇ ਗੁਰਦੁਆਰਾ ਦੁਖਨਿਵਾਰਨ ਵਿਖੇ ਟਰੈਕਟਰ ਤੇ ਮੋਟਰਸਾਈਕਲ ਲੈ ਕੇ ਇਕੱਠਾ ਹੋਇਆ ਜਾਵੇਗਾ। ਕਿਸਾਨ ਆਗੂਆਂ ਦੇ ਸੰਬੋਧਨ ਕਰਨ ਉਪਰੰਤ, ਪੁੱਡਾ ਗਰਾਊਂਡ ਤੋਂ ਸਾਧਨਾ ਦੇ ਕਾਫ਼ਲੇ ਦੇ ਰੂਪ ਵਿਚ ਚੱਲ ਕੇ ਵਾਇਆ ਮਿੰਨੀ ਸਕੱਤਰੇਤ, ਥਾਪਰ ਯੂਨੀਵਰਸਿਟੀ, ਫੁਆਰਾ ਚੌਂਕ ਤੋਂ ਮੋਤੀ ਮਹਿਲ ਜਾਣ ਉਪਰੰਤ, ਮੰਗ ਪੱਤਰ ਸ਼੍ਰੀਮਤੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਨੂੰ ਸੌਂਪਿਆ ਜਾਵੇਗਾ। ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਤੇ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਇਸ ਐਕਸ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਦਵਿੰਦਰ ਸਿੰਘ ਪੂਨੀਆ, ਰਮੇਸ਼ ਅਜ਼ਾਦ, ਗੁਰਮੀਤ ਸਿੰਘ ਛੱਜੂ ਭੱਟ, ਹਰੀ ਸਿੰਘ ਦੌਣ ਕਲਾਂ, ਬੰਤ ਸਿੰਘ, ਅਵਤਾਰ ਸਿੰਘ ਕੌਰਜੀਵਾਲਾ, ਜੈ ਰਾਮ ਭਾਨਰਾ, ਮਹਿੰਦਰ ਸਿੰਘ ਆਦਿ ਹਾਜ਼ਰ ਹੋਏ।