ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ
ਪਟਿਆਲਾ, 6 ਦਸੰਬਰ 2022 - ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਅਤੇ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਿਸਟੀ, ਪਟਿਆਲਾ ਵਲੋਂ ਭਾਈ ਵੀਰ ਸਿੰਘ ਜੀ ਦੇ 150 ਸਾਲਾ ਜਨਮ ਦਿਨ ਮੌਕੇ ਇਕ ਦੋ-ਰੋਜ਼ਾ ਸੈਮੀਨਾਰ ਮਿਤੀ 5-6 ਦਸੰਬਰ 2022 ਨੂੰ 20 ਪ੍ਰੀਤਮ ਰੋਡ, ਡਾਲਨਵਾਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਉਤਰਾਖੰਡ ਦੇ ਮਾਣਯੋਗ ਗਵਰਨਰ, ਲੈਫਟੀਨੈਂਟ ਜਨਰਲ (ਰਿਟਾ) ਸ. ਗੁਰਮੀਤ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਯੂਨੀਵਰਿਸਟੀ, ਦੇ ਵਾਈਸ ਚਾਂਸਲਰ ਪ੍ਰੋ਼ ਅਰਵਿੰਦ ਦੀ ਸਰਪ੍ਰਸਤੀ ਅਧੀਨ ਕਰਵਾਏ ਗਏ ਇਸ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੀ ਆਰੰਭਤਾ 5 ਦਸੰਬਰ ਨੂੰ ਸਵੇਰੇ 10.30 ਵਜੇ ਹੋਈ ਜਿਹੜਾ ਕਿ 6 ਦਸੰਬਰ ਨੂੰ ਸਮਾਪਤ ਹੋਇਆ।
ਸੈਮੀਨਾਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਦੇ ਦੌਰਾਨ 5 ਦਸੰਬਰ ਦੀ ਸ਼ਾਮ ਨੂੰ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਦਾ ਗਾਇਨ ਵਖ-ਵਖ ਸਕੂਲਾਂ ਦੇ ਬੱਚਿਆਂ ਅਤੇ ਪੰਥ ਪ੍ਰਸਿਧ ਰਾਗੀ ਭਾਈ ਕੰਵਰਪਾਲ ਸਿੰਘ ਜੀ ਵਲੋਂ ਕੀਤਾ ਗਿਆ। ਪੰਜਾਬ ਦੇ ਪ੍ਰਸਿੱਧ ਬਾਲ ਕਲਾਕਾਰ ਕਮਲਜੀਤ ਸਿੰਘ ਨੀਲੋਂ ਇਸ ਪ੍ਰੋਗਰਾਮ ਦੇ ਮੁੱਖ ਕਲਾਕਾਰ ਰਹੇ, ਜਿਨ੍ਹਾਂ ਨੇ ਬਾਲ ਗੀਤਾਂ ਦੁਆਰਾ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਦੋ-ਰੋਜ਼ਾ ਸੈਮੀਨਾਰ ਵਿਚ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗ-ਪਗ 20 ਪ੍ਰੋਫੈਸਰ ਸਾਹਿਬਾਨ ਨੇ ਖੋਜ ਪੱਤਰ ਪੜ੍ਹੇ। ਦੇਹਰਾਦੂਨ ਤੋਂ ਡਾ. ਹਰਬੀਰ ਸਿੰਘ ਰੰਧਾਵਾ, ਡਾ. ਦਲਜੀਤ ਕੌਰ, ਚੰਡੀਗੜ੍ਹ ਤੋਂ ਡਾ. ਜਸਪਾਲ ਕੌਰ ਕਾਂਗ, ਡਾ. ਸੁਰਜੀਤ ਸਿੰਘ ਨਾਰੰਗ, ਸ੍ਰੀ ਅਮ੍ਰਿਤਸਰ ਤੋਂ ਸ. ਸਿਮਰਜੀਤ ਸਿੰਘ, ਡਾ. ਮੁਹੱਬਤ ਸਿੰਘ, ਡਾ. ਸਿਮਰਨਜੀਤ ਕੌਰ, ਪਟਿਆਲਾ ਤੋਂ ਡਾ. ਗੁਰਨਾਇਬ ਸਿੰਘ, ਡਾ. ਗੁਰਮੇਲ ਸਿੰਘ, ਡਾ. ਤੇਜਿੰਦਰ ਪਾਲ ਸਿੰਘ, ਡਾ. ਗੁਰਤੇਜ ਸਿੰਘ, ਡਾ. ਭੁਪਿੰਦਰ ਪਾਲ ਸਿੰਘ, ਡਾ. ਦਿਲਬਰ ਸਿੰਘ ਡਾ. ਪਲਵਿੰਦਰ ਕੌਰ ਡਾ. ਹਰਜੀਤ ਸਿੰਘ, ਡਾ. ਕਸ਼ਮੀਰ ਸਿੰਘ ਡਾ. ਜਸਵਿੰਦਰ ਕੌਰ ਅਤੇ ਦਿੱਲੀ ਤੋਂ ਡਾ. ਹਰਵਿੰਦਰ ਸਿੰਘ ਆਦਿ ਵਿਦਵਾਨਾਂ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।
ਡਾ. ਕੁਲਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਹ ਸੈਮੀਨਾਰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸਹਿਯੋਗ ਨਾਲ ਕਰਵਾਇਆ ਗਿਆ।