ਅਲ-ਫਲਾਹ ਪਬਲਿਕ ਸਕੂਲ ਦਾ ਦੋ ਦਿਨਾਂ ਸਾਲਾਨਾ ਇਨਾਮ ਵੰਡ ਸਮਾਰੋਹ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
- ਸਿੱਖਿਆ ਹੀ ਇਕ ਉਹ ਗਹਿਣਾ ਹੈ ਜਿਸ ਨਾਲ ਇਨਸਾਫ਼ ਦੁਨੀਆਂ ਅਤੇ ਆਖਰਿਤ ਦੀਆਂ ਮੰਜਲਿਾਂ ਤੈਅ ਕਰ ਸਕਦਾ : ਵਿਧਾਇਕ ਜਮੀਲ ਉਰ ਰਹਿਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 06 ਦਸੰਬਰ ,2022 - ਸਥਾਨਕ ਅਲ-ਫਲਾਹ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਿਹਾਨਾ ਨਕਵੀ ਅਤੇ ਸਕੂਲ ਦੇ ਟਰੱਸਟ ਦੀ ਰਹਿਨੁਮਾਈ ਹੇਠ ਕਰਵਾਏ ਗਏ ਦੋ ਦਿਨਾਂ ਸਲਾਨਾ ਇਨਾਮ ਵੰਡ ਸਮਾਗਮ ਦਾ ਅੱਜ ਸਮਾਪਤੀ ਸਮਾਰੋਹ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਸਮਾਰੋਹ ਦੇ ਦੂਜੇ ਦਿਨ ਦੇ ਸਮਾਗਮ 'ਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਸਮਾਗਮ ਦੀ ਪ੍ਰਧਾਨਗੀ ਪ੍ਰੋ.ਡਾ.ਮੁਹੰਮਦ ਖਾਲਿਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੀਤੀ, ਜਦਕਿ ਪੰਜਾਬ ਦੇ ਉੱਘੇ ਉਦਯੋਗਪਤੀ ਜਨਾਬ ਮੁਹੰਮਦ ਓਵੈਸ ਐਮ.ਡੀ ਸਟਾਰ ਇੰਪੈਕਟ, ਪ੍ਰਿੰਸੀਪਲ ਮੁਹੰਮਦ ਆਰਿਫ ਸੈਫੀ ਤੇ ਪ੍ਰੋਫ਼ੈਸਰ ਡਾ.ਮੁਹੰਮਦ ਇਦਰੀਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਉਚੇਚੇ ਤੌਰ 'ਤੇ ਸਮਾਰੋਹ 'ਚ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਮਹਿਮਾਨ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਹੀ ਇਕ ਉਹ ਗਹਿਣਾ ਹੈ ਜਿਸ ਨਾਲ ਇਨਸਾਨ ਦੁਨੀਆਂ ਅਤੇ ਆਖਰਿਤ ਦੀਆਂ ਮੰਜਿਲਾਂ ਤੈਅ ਕਰ ਸਕਦਾ ਕਿਉਂਕਿ ਕੁਰਆਨ 'ਚ ਅੱਲਾਹ ਨੇ ਇਲਮ ਸਿੱਖਣ ਬਾਰੇ ਆਇਤਾਂ ਨਾਜ਼ਿਲ ਕੀਤੀਆਂ ਹਨ। ਉਨ੍ਹਾਂ ਸਕੂਲ ਦੇ ਪ੍ਰਬੰਧਾਂ ਅਤੇ ਸਕੂਲ ਪ੍ਰਾਪਤੀਆਂ ਸਬੰਧੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਵਿਦਿਆ ਦਾ ਚਾਨਣ ਫੈਲਾ ਕੇ ਸ਼ਹਿਰ ਦੀ ਵੱਡੀ ਲੋੜ ਨੂੰ ਪੂਰਾ ਕਰ ਰਹੇ ਇਸ ਸਕੂਲ ਨੂੰ ਪੰਜਾਬ ਵਕਫ ਬੋਰਡ ਵੱਲੋਂ ਇੱਕ ਲੱਖ ਰੁਪਏ ਦੀਆਂ ਕਿਤਾਬਾਂ ਸਮੇਤ ਹਰ ਤਰ੍ਹਾਂ ਦੀ ਬਣਦੀ ਸਹਾਇਤਾ ਮੁਹੱਈਆ ਕਰਵਾ ਕੇ ਇਸ ਸਕੂਲ ਨੂੰ ਤਰੱਕੀਆਂ ਦੀ ਹੋਰ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ।
ਸਮਾਰੋਹ ਦੀ ਸਫਲਤਾ ਲਈ ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ। ਪ੍ਰੋ.ਡਾ.ਮੁਹੰਮਦ ਖਾਲਿਦ ਨੇ ਸਕੂਲ ਦੀ ਲਾਇਬਰੇਰੀ ਦੇ ਲਈ 20 ਹਜ਼ਾਰ ਰੁਪਏ ਦੀਆਂ ਕਿਤਾਬਾਂ ਲੈ ਕੇ ਦੇਣ ਦਾ ਐਲਾਨ ਕੀਤਾ। ਸਕੂਲ ਦੀ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਸਕੂਲ ਦੀਆਂ ਸਲਾਨਾ ਪ੍ਰਾਪਤੀਆਂ ਸਬੰਧੀ ਜਿਥੇ ਵਿਸਥਾਰਤ ਰਿਪੋਰਟ ਪੇਸ਼ ਕੀਤੀ ਉਥੇ ਸਕੂਲੀ ਬੱਚਿਆਂ ਨੇ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ। ਸਮਾਰੋਹ ਦੇ ਦੋਵੇਂ ਦਿਨ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਖੇਤਰਾਂ 'ਚ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੀ 10ਵੀਂ ਦੀ ਟਾਪਰ ਰਹੀ ਵਿਦਿਆਰਥਣ ਖਦੀਜਾ ਪੁੱਤਰੀ ਮੁਹੰਮਦ ਇਕਬਾਲ ਨੂੰ ਸਿਤਾਰਾ ਏ ਅਲ-ਫਲਾਹ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਫਰਿਆਲ ਰਹਿਮਾਨ, ਮੁਹੰਮਦ ਜਫਰ, ਮੁਹੰਮਦ ਹਲੀਮ ਐਮ.ਡੀ ਮਿਲਕੋਵੈਲ, ਵਾਇਸ ਪ੍ਰਿੰਸੀਪਲ ਖਯਾਮ ਅਹਿਮਦ, ਸਕੂਲ ਦੇ ਚੇਅਰਮੈਨ ਅਜ਼ਮਤ ਅਲੀ ਖਾਂ, ਸਾਬਰ ਅਲੀ ਜੁਬੈਰੀ, ਚੋਧਰੀ ਉਮਰਦੀਨ, ਮੁਹੰਮਦ ਯਾਮੀਨ, ਮੁਹੰਮਦ ਸ਼ਾਹਿਦ, ਮੁਹੰਮਦ ਇਕਬਾਲ, ਐਡਵੋਕੇਟ ਜਾਵੇਦ ਫਾਰੂਕੀ, ਡਾ.ਮੁਹੰਮਦ ਰਮਜ਼ਾਨ, ਮੁਹੰਮਦ ਹਨੀਫ, ਮੁਹੰਮਦ ਇਕਬਾਲ ਰਸ਼ੀਦ, ਸਲੀਮ ਬਖਸ਼ੀ, ਯਾਸੀਨ ਖਾਲਿਦ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ, ਬੱਚਿਆਂ ਦੇ ਮਾਪਿਆਂ ਸਮੇਤ ਕਈ ਹੋਰ ਪਤਵੰਤੇ ਸ਼ਹਿਰੀਆਂ ਨੇ ਵੀ ਸਮਾਗਮ 'ਚ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ।