ਖਾਲਸਾ ਵਹੀਰ ਵੱਲੋਂ ਸ੍ਰੀ ਬੇਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੌਰਾਨ 200 ਪ੍ਰਾਣੀ ਗੁਰੂ ਵਾਲੇ ਬਣੇ
-ਵੱਖ ਵੱਖ ਸਿੱਖ ਸੰਗਤਾਂ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਵਿਸ਼ੇਸ਼ ਸਨਮਾਨ
ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ 'ਚ ਸੈਫਲਾਬਾਦ ਲਈ ਹੋਵੇ ਰਵਾਨਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਦਸੰਬਰ 2022 : ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤਪਾਨ ਕਰਵਾਉਣ ਦੇ ਮਨੋਰਥ ਨਾਲ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ‘ਖਾਲਸਾ ਵਹੀਰ’ ਮੁਹਿੰਮ ਪਰਸੋ ਸ਼ਾਮ 4 ਦਸੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜੀ ਅਤੇ ਉਪਰੰਤ ਕੱਲ੍ਹ ਪੂਰਾ ਦਿਨ ਤੇ ਰਾਤ ਭਾਈ ਮਰਦਾਨਾ ਜੀ ਦੀਵਾਨ ਹਾਲ ਬੇਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ । ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ । ਉਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਮਿਲ ਕੇ ਮੁਹਿੰਮ ਚਲਾਉਣ ਦੀ ਅਪੀਲ ਕੀਤੀ । ਇਸ ਸਮੇਂ ਗੁਰਬਾਣੀ ਕੀਰਤਨ ਤੇ ਕਥਾ ਵੀਚਾਰਾਂ ਨਾਲ ਵੱਖ ਵੱਖ ਜਥਿਆਂ ਨਿਹਾਲ ਕੀਤਾ ।
ਅੱਜ ਸਵੇਰੇ ਪੰਜ ਪਿਆਰੇ ਸਾਹਿਬਾਨ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਹੀ ਖੰਡੇ- ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਤੇ 200 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ । ਜਿਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਦੀ ਦੇਖ ਰੇਖ 'ਚ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਵਹੀਰ 'ਚ ਆਈਆਂ ਸੰਗਤਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜਥੇ ਦੇ ਸਿੰਘਾਂ ਲਈ ਰਿਹਾਇਸ਼ ਤੇ ਗੁਰੂ ਕੇ ਲੰਗਰ ਆਦਿ ਦੇ ਪੂਰੇ ਪ੍ਰਬੰਧ ਕੀਤੇ ਗਏ ।
ਅੱਜ ਦੁਪਹਿਰ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਇਹ ਖਾਲਸਾ ਵਹੀਰ ਸੈਫਲਾਬਾਦ ਲਈ ਰਵਾਨਾ ਹੋਈ । ਜਿਨ੍ਹਾਂ ਦਾ ਫੁੱਲਾਂ ਨਾਲ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ । ਸੰਗਤਾਂ ਵੱਲੋਂ ਸਾਤਸ਼੍ਰੀ ਅਕਾਲ ਦੇ ਜੈਕਾਰੇ ਗਜਾਏ ਗਏ ।
ਇਸਤੋਂ ਪਹਿਲਾਂ ਸ਼ੇਰੇ-ਏ- ਪੰਜਾਬ ਨੌਜਵਾਨ ਸਭਾ ਦੇ ਮੈਂਬਰਾਂ ਅਤੇ ਗਿਆਨੀ ਕਰਨਜੀਤ ਸਿੰਘ ਹਜੂਰੀ ਕਥਾ ਵਾਚਕ ਗੁਰਦੁਆਰਾ ਬੇਰ ਸਾਹਿਬ , ਕਰਮਜੀਤ ਸਿੰਘ ਸਵਾਲ , ਗੁਰਮੀਤ ਸਿੰਘ , ਜਸਪਾਲ ਸਿੰਘ , ਹੈਪੀ ਸਿੰਘ , ਹਰਜੀਤ ਸਿੰਘ , ਅਮਰੀਕ ਸਿੰਘ , ਹਰਦਵਿੰਦਰ ਸਿੰਘ , ਪ੍ਰਿੰਸਜੀਤ ਸਿੰਘ , ਕਰਨ ਸਿੰਘ , ਗੁਰਜੀਤ ਸਿੰਘ , ਗੁਰਪ੍ਰਤਾਪ ਸਿੰਘ ਆਦਿ ਨੇ ਸਾਂਝੇ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ ।
ਭਾਈ ਕਰਮਜੀਤ ਸਿੰਘ ਸਵਾਲ ਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ ਖ਼ਾਲਸਾ ਵਹੀਰ ਦਾ ਰੂਹਾਨੀਅਤ ਅਤੇ ਅਨੰਦਮਈ ਵਰਤਾਰਾ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਿਰਫ਼ ਵਹੀਰ 'ਚ ਸ਼ਾਮਲ ਹੋ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਵਿੱਚ ਖ਼ਾਲਸਾ ਵਹੀਰ ਦੇ ਦਰਸ਼ਨ ਕਰਨ ਦਾ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ, ਨੌਜਵਾਨ ਪਤਿਤਪੁਣਾ ਅਤੇ ਨਸ਼ੇ ਤਿਆਗ ਕੇ ਅਸਲ ਧੁਰੇ ਨਾਲ ਜੁੜ ਰਹੇ ਹਨ ਅਤੇ ਸਿੱਖੀ ਸਰੂਪ 'ਤੇ ਮਾਣ ਕਰ ਰਹੇ ਹਨ ਤੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਸੰਗਤਾਂ ਨਿਹਾਲੋ-ਨਿਹਾਲ ਹੋ ਰਹੀਆਂ ਹਨ ।