ਘਰੋਂ ਸੋਨੇ ਦੇ ਗਹਿਣੇ ਲੈ ਕੇ ਭੱਜੀ ਪ੍ਰੇਮਿਕਾ ਦਾ 1 ਹਫਤੇ ਬਾਅਦ ਹੀ ਕਤਲ
ਕਥਿਤ ਪ੍ਰੇਮੀ ਨੇ ਟੋਇਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ
ਦੀਪਕ ਜੈਨ
ਜਗਰਾਓਂ , 7 ਦਸੰਬਰ 2022: ਇਹ ਖਬਰ ਉਹਨਾਂ ਕੁੜੀਆਂ ਲਈ ਸਬਕ ਹੈ। ਜੋ ਆਪਣੇ ਮਾਪਿਆਂ ਨੂੰ ਧੋਖਾ ਦੇ ਕੇ ਕਿਸੇ ਅਣਪਛਾਤੇ ਵਿਅਕਤੀ ਦੇ ਪਿਆਰ ਦੇ ਬਹਾਨੇ ਘਰੋਂ ਭੱਜ ਜਾਂਦੀਆਂ ਹਨ।ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਤੋਂ ਪ੍ਰਾਪਤ ਖਬਰ ਅਨੁਸਾਰ ਪਿੰਡ ਰਸੂਲਪੁਰ ਦੀ ਲੜਕੀ ਜੋ ਕਿ ਕਿਸੇ ਅਣਪਛਾਤੇ ਵਿਅਕਤੀ ਨਾਲ ਘਰੋਂ 12 ਤੋਲੇ ਸੋਨਾ ਅਤੇ ਨਕਦੀ ਸਮੇਤ ਫਰਾਰ ਹੋ ਗਈ ਸੀ ਜਿਸ ਨੂੰ ਉਸ ਦੇ ਪ੍ਰੇਮੀ ਨੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਅਣਪਛਾਤੀ ਜਗ੍ਹਾ 'ਤੇ ਟੋਆ ਪੁੱਟ ਕੇ ਦੱਬ ਦਿੱਤਾ। ਪੁਲਿਸ ਅਨੁਸਾਰ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਇੱਕ ਲੜਕੀ ਦੇ ਪਰਮਪ੍ਰੀਤ ਸਿੰਘ ਉਰਫ਼ ਪਰਮ ਪੁੱਤਰ ਹਰਪਿੰਦਰ ਸਿੰਘ ਵਾਸੀ ਪਿੰਡ ਸੁਧਾਰ ਨਾਲ ਪ੍ਰੇਮ ਸਬੰਧ ਸਨ, ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਹੀ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ।ਲੜਕੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਘਰੋਂ 20,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸਨ। ਪਹਿਲਾਂ ਆਪ ਤਲਾਸ਼ ਕੀਤੀ , ਪਰ ਕੋਈ ਸੂਚਨਾ ਨਾ ਮਿਲਣ 'ਤੇ ਉਨ੍ਹਾਂ ਨੇ ਥਾਣਾ ਹਠੂਰ ਦੀ ਪੁਲਸ ਨੂੰ ਸੂਚਿਤ ਕੀਤਾ।ਥਾਣਾ ਹਠੂਰ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਰਾ ਸਮੰਦਰ ਸਿੰਘ ਦੀ ਸ਼ਿਕਾਇਤ ਤੇ ਲੜਕੀ ਦੇ ਪ੍ਰੇਮੀ ਪਰਮਪ੍ਰੀਤ ਸਿੰਘ ਅਤੇ ਪ੍ਰੇਮੀ ਦੇ ਭਰਾ ਭਵਨ ਪ੍ਰੀਤ ਸਿੰਘ ਉਰਫ ਭਵਨਾ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਸ਼ਿਕਾਇਤ ਦਿੰਦੇ ਹੋਏ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੇਰੀ ਭੈਣ ਨੂੰ ਉਕਤ ਵਿਅਕਤੀਆਂ ਨੇ ਕਿਸੇ ਅਣਪਛਾਤੀ ਜਗ੍ਹਾ 'ਤੇ ਛੁਪਾਇਆ ਹੋਇਆ ਸੀ । ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਪ੍ਰੇਮੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਦੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਲੜਕੀ ਦੇ ਪ੍ਰੇਮੀ ਨੇ ਹੀ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਨੂੰ ਕਿਸੇ ਅਣਪਛਾਤੀ ਜਗ੍ਹਾ 'ਤੇ ਜ਼ਮੀਨ 'ਚ ਦੱਬ ਦਿੱਤਾ। ਐਸਐਸਪੀ ਹਰਜੀਤ ਸਿੰਘ ਨੇ ਇਸ ਮਾਮਲੇ ਵਿੱਚ 4 ਲੋਕ ਸ਼ਾਮਲ ਹਨ ਦਸਿਆ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਲੜਕੀ ਦੀ ਲਾਸ਼ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
(ਕਿਉਂਕਿ ਲੜਕੀ ਦੀ ਮ੍ਰਿਤਕ ਦੇਹ ਅਜੇ ਤੱਕ ਬਰਾਮਦ ਨਹੀਂ ਹੋਈ ਅਤੇ ਹੋ ਸਕਦਾ ਹੈ ਕਿ ਉਹ ਜ਼ਿੰਦਾ ਹੋਵੇ। ਇਸ ਲਈ ਖਬਰ ਵਿੱਚ ਲੜਕੀ ਦਾ ਨਾਮ ਨਹੀਂ ਛਾਪਿਆ ਗਿਆ)