ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵੱਲੋਂ ਆਰਮਡ ਫੋਰਸਿਜ਼ ਫਲੈਗ ਡੇਅ ਦਾ ਗੌਰਵਮਈ ਦਿਹਾੜਾ ਮਨਾਇਆ
ਡਿਪਟੀ ਕਮਿਸ਼ਨਰ ਨੇ ਤਿੰਨ ਲੋੜਵੰਦ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਨੂੰਮਾਲੀ ਸਹਾਇਤਾ ਦੇ ਚੈੱਕ ਦਿੱਤੇ
ਮਾਨਸਾ, 07 ਦਸੰਬਰ 2022 : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮਾਨਸਾ ਵੱਲੋਂ ਆਰਮਡ ਫੋਰਸਿਜ਼ ਫਲੈਗ ਡੇਅ ਦਾ ਗੌਰਵਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੈਨਿਕ ਵੈਲਫੇਅਰ ਆਰਗੇਨਾਈਜ਼ਰ ਸ੍ਰੀ ਸੇਵਕ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੂੰ ਫਲੈਗ ਡੇਅ ਬੈਜ ਲਗਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਤਿੰਨ ਲੋੜਵੰਦ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਝੰਡਾ ਦਿਵਸ ਫੰਡ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਮੌਕੇ ਇਕੱਤਰ ਰਾਸ਼ੀ ਲੋੜਵੰਦ ਹਥਿਆਰਬੰਦ ਸੇੈਨਾਵਾਂ ਦੇ ਸ਼ਹੀਦਾਂ ਦੇ ਪਰਿਵਾਰਾਂ, ਸੈਨਿਕ ਵਿਧਵਾਵਾਂ ਦੀ ਸਹਾਇਤਾ ਅਤੇ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ’ਚ ਵਰਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਨ ਅਤੇ ਸ਼ਾਨ ਲਈ ਸ਼ਹਾਦਤ ਦੇਣ ਵਾਲੇ ਵੀਰ ਜਵਾਨਾਂ ਦੇ ਪਰਿਵਾਰਾਂ ਦੀ ਮੱਦਦ ਕਰਨਾ ਸਾਡਾ ਫਰਜ਼ ਹੈ, ਜਿਸ ਦੇ ਲਈ ਹਰੇਕ ਨਾਗਰਿਕ ਨੂੰ ਝੰਡਾ ਦਿਵਸ ਫੰਡ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਫਲੈਗ ਡੇਅ ਫੰਡ ਪੇਟੀ ਵਿਚ ਦਾਨ ਪਾ ਕੇ ਦਾਨ ਇਕੱਤਰ ਕਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਕਰਮਚਾਰੀਆਂ ਨੇ ਡੀ.ਸੀ. ਦਫ਼ਤਰ ਦੇ ਸਟਾਫ ਦੇ ਫਲੈਗ ਲਗਾ ਕੇ ਦਾਨ ਰਾਸ਼ੀ ਇਕੱਤਰ ਕੀਤੀ।