ਕਿਤਾਬਾਂ ਸਾਨੂੰ ਸਹੀ ਢੰਗ ਨਾਲ ਜਿਊਣ ਦੀ ਜਾਂਚ ਸਿਖਾਉਂਦੀਆਂ ਹਨ : ਹਰਭਜਨ ਸਿੰਘ ਈ ਟੀ ਓ
ਲੁਧਿਆਣਾ, 7 ਦਸੰਬਰ 2022 : ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ ਅਤੇ ਇਹ ਸਾਨੂੰ ਦੁਨੀਆਂ ਵਿੱਚ ਵਧੀਆ ਤਰੀਕੇ ਨਾਲ ਵਿਚਰਣ ਦੇ ਕਾਬਲ ਬਣਾਉਂਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸਃ ਹਰਭਜਨ ਸਿੰਘ ਈ. ਟੀ. ਓ. ਨੇ ਲੋਕ ਨਿਰਮਾਣ ਵਿਭਾਗ ਦਫਤਰ ਦੇ ਆਪਣੇ ਪਲੇਠੇ ਦੌਰੇ ਦੌਰਾਨ ਕੀਤਾ।
ਹਰਭਜਨ ਸਿੰਘ ਨੇ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਫਸਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਕਰੀ ਹਮੇਸ਼ਾ ਲੋਕ ਸੇਵਕ ਬਣ ਕੇ ਕਰਨੀ ਚਾਹੀਦੀ ਹੈ ਅਤੇ ਲੋਕਾਂ ਦੇ ਮਸਲਿਆਂ ਦਾ ਬਿਨਾ ਦੇਰੀ ਤੋਂ ਹੱਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮੂਹ ਅਫਸਰ ਅਤੇ ਕਰਮਚਾਰੀ ਲੋਕ ਨਿਰਮਾਣ ਵਿਭਾਗ ਵਿੱਚ ਚੱਲ ਰਹੇ ਕੰਮਾਂ ਨੂੰ ਸਮੇ ਸਿਰ ਨੇਪਰੇ ਚਾੜ੍ਹਨਾ ਯਕੀਨੀ ਬਨਾਉਣ ਅਤੇ ਕੰਮਾਂ ਦੇ ਮਿਆਰ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਲਵਾਰਾ ਹਵਾਈ ਅੱਡੇ ਦਾ ਕੰਮ ਵੀ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਅਤੇ ਪੰਜਾਬੀ ਦੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਆਪਣੀਆਂ ਕਿਤਾਬਾਂ ਦਾ ਸੈਟ ਭੇਂਟ ਕੀਤਾ।
ਸਃ ਹਰਭਜਨ ਸਿੰਘ ਹੁਰਾਂ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਵਿਭਾਗ ਵਿੱਚ ਵੀ ਵਧੀਆ ਲੇਖਕ ਹਨ ਜੋ ਆਪਣੀਆਂ ਰਚਨਾਵਾਂ ਸਦਕਾ ਪ੍ਰਸਿੱਧੀ ਹਾਸਲ ਕਰ ਰਹੇ ਹਨ। ਉਨਾਂ ਉਮੀਦ ਜਾਹਰ ਕੀਤੀ ਕਿ ਭਵਿੱਖ ਵਿੱਚ ਵੀ ਸਹਿਜਪਰੀਤ ਦੀ ਕਲਮ ਇਸ ਤਰਾਂ ਹੀ ਚਲਦੀ ਰਹੇਗੀ ਅਤੇ ਉਹ ਹੋਰ ਵਡਮੁੱਲੀਆਂ ਅਤੇ ਮਿਆਰੀ ਕਿਤਾਬਾਂ ਪਾਠਕਾਂ ਦੀ ਝੋਲੀ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਢਿੱਲੋਂ ਨਿਗਰਾਨ ਇੰਜੀਨੀਅਰ, ਪ੍ਰਦੀਪ ਕੁਮਾਰ ਕਾਰਜਕਾਰੀ ਇੰਜੀਨੀਅਰ, ਦਵਿੰਦਰ ਪਾਲ ਸਿੰਘ ਕਾਰਜਕਾਰੀ ਇੰਜੀਨੀਅਰ,ਤਰਨਜੀਤ ਸਿੰਘ ਅਰੋੜਾ ਉੱਪ ਮੰਡਲ ਇੰਜੀਨੀਅਰ ਆਦਿ ਹਾਜਰ ਸਨ।