ਕਿੰਨਰ ਜਾਂ ਖੁਸਰਿਆਂ ਦੇ ਵਿਆਹ ਦੀ ਰਸਮ 18 ਦਿਨਾਂ ਤੱਕ ਚਲਦੀ ਹੈ, ਕਿਸ ਨਾਲ ਅਤੇ ਕਿਵੇਂ ਉਨ੍ਹਾਂ ਦਾ ਵਿਆਹ ਹੁੰਦਾ ਹੈ ?
- ਕਿੰਨਰ ਜਾਂ ਖੁਸਰਿਆਂ ਦੀ ਦੁਨੀਆਂ ਬਹੁਤ ਰਹੱਸਮਈ ਹੈ। ਉਨ੍ਹਾਂ ਨਾਲ ਜੁੜੀਆਂ ਪਰੰਪਰਾਵਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਕਿੰਨਰ ਰਾਤ ਦੇ ਹਨੇਰੇ ਵਿੱਚ ਆਪਣੀਆਂ ਕਈ ਪਰੰਪਰਾਵਾਂ ਦਾ ਪਾਲਣ ਕਰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੁਸਰਿਆਂ ਦਾ ਵੀ ਵਿਆਹ ਹੁੰਦਾ ਹੈ।
ਦੀਪਕ ਗਰਗ
ਕੋਟਕਪੂਰਾ 8 ਦਸੰਬਰ 2022 -
ਖੁਸਰਿਆਂ ਦੀ ਆਪਣੀ ਇੱਕ ਵੱਖਰੀ ਦੁਨੀਆਂ ਹੁੰਦੀ ਹੈ। ਉਨ੍ਹਾਂ ਦੀਆਂ ਕਈ ਮਾਨਤਾਵਾਂ ਅਤੇ ਪਰੰਪਰਾਵਾਂ ਵੀ ਹਨ, ਜਿਨ੍ਹਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਇਹ ਪਰੰਪਰਾਵਾਂ ਓਨੀਆਂ ਹੀ ਰਹੱਸਮਈ ਹਨ ਜਿੰਨੀਆਂ ਦਿਲਚਸਪ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਖੁਸਰਿਆਂ ਦਾ ਵੀ ਵਿਆਹ ਹੁੰਦਾ ਹੈ। ਇਹ ਗੱਲ ਸੁਣਨ 'ਚ ਥੋੜੀ ਅਜੀਬ ਲੱਗ ਸਕਦੀ ਹੈ ਪਰ ਇਹ ਸੱਚ ਹੈ। ਖੁਸਰਿਆਂ ਦੇ ਵਿਆਹ ਦੀ ਰਸਮ ਵੱਡੇ ਪੱਧਰ 'ਤੇ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਖੁਸਰਿਆਂ ਦੇ ਵਿਆਹ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸ ਰਹੇ ਹਾਂ, ਜੋ ਇਸ ਤਰ੍ਹਾਂ ਹਨ...
ਖੁਸਰਿਆਂ ਦਾ ਵਿਆਹ ਕਿਵੇਂ ਹੁੰਦਾ ਹੈ?
ਹਰ ਸਾਲ ਤਾਮਿਲ ਨਵੇਂ ਸਾਲ ਦੀ ਪਹਿਲੀ ਪੂਰਨਮਾਸ਼ੀ ਵਾਲੇ ਦਿਨ, ਤਾਮਿਲਨਾਡੂ ਦੇ ਵਿੱਲੂਪੁਰਮ ਜ਼ਿਲ੍ਹੇ ਦੇ ਕੁਨਾਗਾਮ ਪਿੰਡ ਵਿੱਚ ਇੱਕ ਖੁਸਰਿਆਂ ਦਾ ਵਿਆਹ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ, ਜੋ 18 ਦਿਨਾਂ ਤੱਕ ਚੱਲਦਾ ਹੈ। ਇਸ ਦੌਰਾਨ ਡਾਂਸ ਅਤੇ ਸਿੰਗਿੰਗ ਵਰਗੇ ਕਈ ਪ੍ਰੋਗਰਾਮ ਹੁੰਦੇ ਹਨ। ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਹਜ਼ਾਰਾਂ ਖੁਸਰੇ ਇੱਥੇ ਇਕੱਠੇ ਹੁੰਦੇ ਹਨ। ਵਿਆਹ ਦੀ ਰਸਮ ਦੇ 17 ਵੇਂ ਦਿਨ, ਖੁਸਰੇ ਦੁਲਹਨ ਦੇ ਰੂਪ ਵਿੱਚ ਤਿਆਰ ਹੁੰਦੇ ਹਨ ਅਤੇ ਫਿਰ ਭਗਵਾਨ ਅਰਾਵਨ ਦੇ ਮੰਦਰ ਜਾਂਦੇ ਹਨ। ਇੱਥੇ ਪੁਜਾਰੀ ਖੁਸਰਿਆਂ ਦੇ ਗਲੇ ਵਿੱਚ ਅਰਾਵਨ ਦੇਵ ਦੇ ਨਾਮ ਦਾ ਮੰਗਲਸੂਤਰ ਪਾਉਂਦੇ ਹਨ। ਇਸ ਤਰ੍ਹਾਂ ਖੁਸਰਿਆਂ ਦਾ ਭਗਵਾਨ ਅਰਾਵਨ ਨਾਲ ਵਿਆਹ ਹੋ ਜਾਂਦਾ ਹੈ।
ਇਹ ਵਿਆਹ ਸਿਰਫ਼ ਇੱਕ ਰਾਤ ਲਈ ਹੁੰਦਾ ਹੈ
ਵਿਆਹ ਤੋਂ ਬਾਅਦ ਖੁਸਰੇ ਨੱਚ-ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ਪਰ ਇਹ ਖੁਸ਼ੀ ਅਗਲੇ ਹੀ ਦਿਨ ਸੋਗ ਵਿਚ ਬਦਲ ਜਾਂਦੀ ਹੈ। ਪਰੰਪਰਾ ਅਨੁਸਾਰ ਖੁਸਰਿਆਂ ਦਾ ਵਿਆਹ ਸਿਰਫ਼ ਇੱਕ ਰਾਤ ਲਈ ਹੁੰਦਾ ਹੈ। 18ਵੇਂ ਦਿਨ ਪੂਰੇ ਪਿੰਡ 'ਚ ਅਰਾਵਨ ਦੇਵ ਦੀ ਮੂਰਤੀ ਨੂੰ ਤਖਤ 'ਤੇ ਰੱਖ ਕੇ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਤੋਂ ਬਾਅਦ ਪੰਡਤ ਪ੍ਰਤੀਕ ਰੂਪ ਵਿੱਚ ਅਰਾਵਨ ਦੇਵ ਦਾ ਸਿਰ ਵੱਢ ਦਿੰਦੇ ਹਨ ਅਤੇ ਸਾਰੇ ਖੁਸਰੇ ਵਿਧਵਾ ਹੋ ਜਾਂਦੇ ਹਨ। ਅਜਿਹਾ ਹੁੰਦਾ ਹੈ ਤਾਂ ਖੁਸਰੇ ਆਪਣੀਆਂ ਚੂੜੀਆਂ ਤੋੜ ਲੈਂਦੇ ਹਨ ਅਤੇ ਵਿਧਵਾ ਦਾ ਪਹਿਰਾਵਾ ਭਾਵ ਚਿੱਟੀ ਸਾੜੀ ਪਹਿਨ ਲੈਂਦੇ ਹਨ। 19ਵੇਂ ਦਿਨ, ਖੁਸਰਿਆਂ ਵਲੋਂ ਆਪਣਾ ਮੰਗਲਸੂਤਰ ਅਰਵਨ ਦੇਵ ਨੂੰ ਸਮਰਪਿਤ ਕੀਤਾ ਜਾਂਦਾ ਹੈ ਅਤੇ ਨਵਾਂ ਮੰਗਲਸੂਤਰ ਪਹਿਨਿਆ ਜਾਂਦਾ ਹੈ।
ਕੌਣ ਹੈ ਅਰਾਵਨ ਦੇਵ?
ਖੁਸਰਿਆਂ ਦੇ ਦੇਵਤੇ ਅਰਾਵਨ ਦਾ ਇਤਿਹਾਸ ਮਹਾਂਭਾਰਤ ਨਾਲ ਸਬੰਧਤ ਹੈ। ਅਰਾਵਨ ਅਰਜੁਨ ਅਤੇ ਨਾਗਕੰਨਿਆ ਉਲੂਪੀ ਦਾ ਪੁੱਤਰ ਸੀ। ਮਹਾਭਾਰਤ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਪਾਂਡਵ ਮਾਂ ਕਾਲੀ ਦੀ ਪੂਜਾ ਕਰਦੇ ਹਨ। ਇਸ ਪੂਜਾ ਵਿੱਚ ਇੱਕ ਰਾਜਕੁਮਾਰ ਦੀ ਬਲੀ ਦੇਣੀ ਪੈਂਦੀ ਹੈ। ਫਿਰ ਅਰਾਵਨ ਖੁਦ ਅੱਗੇ ਆਉਂਦੇ ਹਨ ਅਤੇ ਕੁਰਬਾਨੀ ਲਈ ਸਹਿਮਤ ਹੋ ਜਾਂਦਾ ਹੈ। ਪਰ ਸਮੱਸਿਆ ਇੱਥੇ ਹੀ ਖਤਮ ਨਹੀਂ ਹੁੰਦੀ, ਕੁਰਬਾਨੀ ਲਈ ਤਿਆਰ ਰਾਜਕੁਮਾਰ ਦਾ ਵੀ ਵਿਆਹ ਹੋਣਾ ਜ਼ਰੂਰੀ ਹੈ। ਇਸ ਸਥਿਤੀ ਵਿੱਚ ਭਗਵਾਨ ਕ੍ਰਿਸ਼ਨ ਖੁਦ ਮੋਹਿਨੀ ਦੇ ਰੂਪ ਵਿੱਚ ਅਰਾਵਣ ਨਾਲ ਵਿਆਹ ਕਰਵਾ ਲੈਂਦੇ ਹਨ। ਅਗਲੇ ਦਿਨ, ਅਰਾਵਨ ਖੁਦ ਆਪਣਾ ਸਿਰ ਵੱਢ ਕੇ ਦੇਵੀ ਨੂੰ ਚੜ੍ਹਾਉਂਦਾ ਹੈ, ਜਿਵੇਂ ਹੀ ਇਹ ਹੁੰਦਾ ਹੈ, ਮੋਹਿਨੀ ਦੇ ਰੂਪ ਵਿੱਚ ਕ੍ਰਿਸ਼ਨ ਵਿਧਵਾ ਵਾਂਗ ਰੋਣ ਲੱਗ ਪੈਂਦੇ ਹਨ। ਕਿੰਨਰਾਂ ਦਾ ਮੰਨਣਾ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਇੱਕ ਪੁਰਸ਼ ਹੋਣ ਦੇ ਨਾਤੇ ਇੱਕ ਔਰਤ ਬਣ ਕੇ ਅਰਾਵਨ ਨਾਲ ਵਿਆਹ ਕੀਤਾ ਸੀ। ਖੁਸਰਿਆਂ ਵਿਚ ਵੀ ਅੱਧੀ ਔਰਤ ਅਤੇ ਅੱਧਾ ਮਰਦ ਹੁੰਦੇ ਹਨ , ਇਸ ਲਈ ਉਹ ਵੀ ਅਰਾਵਨ ਨੂੰ ਆਪਣਾ ਪਤੀ ਮੰਨ ਕੇ ਉਸ ਨਾਲ ਵਿਆਹ ਕਰਵਾਉਂਦੇ ਹਨ।