ਬੱਸ ਤੇ ਕਾਰ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ; ਬੀਐਸਐਫ਼ ਜਵਾਨ ਦੀ ਮੌਤ, ਕਈ ਲੋਕ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 9 ਦਸੰਬਰ 2022: ਦੇਰ ਸ਼ਾਮ ਗੁਰਦਾਸਪੁਰ ਦੇ ਕਲਾਨੌਰ-ਬਟਾਲਾ ਮਾਰਗ 'ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨੇੜੇ ਮਿੰਨੀ ਬੱਸ ਤੇ ਕਾਰ ਦਰਮਿਆਨ ਹੋਈ ਭਿਅੰਕਰ ਟੱਕਰ ਵਿੱਚ ਕਾਰ ਚਾਲਕ ਬੀਐੱਸਐੱਫ ਦੇ ਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਟੱਕਰ ਕਾਰਨ ਬੱਸ ਪਲਟ ਗਈ ਅਤੇ ਬੱਸ ਵਿਚ ਸਵਾਰ ਦਰਜ਼ਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਥਾਣਾ ਕਲਾਨੌਰ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਸਵਾਰੀਆਂ ਨਾਲ ਭਰੀ ਮਿੰਨੀ ਬੱਸ ਬਟਾਲੇ ਤੋਂ ਕਲਾਨੌਰ ਆ ਰਹੀ ਸੀ ਤੇ ਕਲਾਨੌਰ ਸਾਈਡ ਤੋਂ ਸਵਿਫਟ ਕਾਰ ਜਾ ਰਹੀ ਸੀ ਕਿ ਅੱਡਾ ਕੋਟ ਮੀਆਂ ਸਾਹਿਬ ਤੇ ਦਲੇਰਪੁਰ ਦੇ ਵਿਚਕਾਰ ਵਾਰਿਸ ਸ਼ਾਹ ਰੁੱਖਾਂ ਅੰਦਰ ਇੱਕ ਹੋਰ ਗੱਡੀ ਨੂੰ ਭਿਅੰਕਰ ਕਰਦਿਆਂ ਕਾਰ ਅਤੇ ਬੱਸ ਦੇ ਦਰਮਿਆਨ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਵਾਹਨਾਂ ਦੀ ਟੱਕਰ ਹੋਣ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ ਤੇ ਲੋਕ ਹਾਦਸੇ ਵਾਲੀ ਥਾਂ 'ਤੇ ਪੁੱਜੇ ਤੇ ਪਲਟੀ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ ਤੇ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਕਾਰ ਚਾਲਕ ਦੀ ਪਹਿਚਾਣ ਬੀਐੱਸਐੱਫ ਦੇ ਹੌਲਦਾਰ ਪਰਮਜੀਤ ਸਿੰਘ ਪੁੱਤਰ ਗਰਮੀਤ ਸਿੰਘ ਸੇਵਾ ਮੁਕਤ ਥਾਣੇਦਾਰ ਵਾਸੀ ਨਾਨੋਹਰਨੀ ਵਜੋਂ ਹੋਈ ਹੈ ਦਸਿਆ ਜਾਂ ਰਿਹਾਂ ਕਿ ਇਹ ਜਵਾਨ ਕੁੱਝ ਦਿਨ ਪਹਿਲਾ ਹੀ ਛੁੱਟੀ ਤੇ ਘਰ ਆਇਆ ਹੋਇਆ ਸੀ।