ਸਰਹੱਦ ਪਾਰ ਦੀ ਕੁੜੀ ਨਾਲ ਹੋਇਆ ਪਿਆਰ ਪ੍ਰਵਾਨ ਚੜ੍ਹਨ ਦਾ ਕਰ ਰਿਹੈ ਇੰਤਜ਼ਾਰ, ਛੇ ਸਾਲ ਤੋਂ ਪਾਕਿਸਤਾਨ ਦੀ ਲੜਕੀ ਨੂੰ ਨਹੀਂ ਮਿਲ ਰਿਹਾ ਵੀਜ਼ਾ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 9 ਦਸੰਬਰ 2022 - ਦੋ ਪ੍ਰੇਮੀ ਜਿਨ੍ਹਾਂ ਦੀ ਮੰਗਣੀ ਤਾਂ ਹੋ ਗਈ ਪਰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੋਨਾਂ ਦੇ ਵਿਆਹ ਵਿਚਾਲੇ ਕੰਧ ਬਣ ਗਈਆਂ ਹਨ ਪਿਛਲੇ ਛੇ ਸਾਲ ਤੋਂ ਇਹ ਦੋਵੇਂ ਪ੍ਰੇਮੀ ਅਤੇ ਇਹਨਾਂ ਦੇ ਪਰਿਵਾਰ ਇਹਨਾਂ ਦੋਨਾਂ ਦਾ ਵਿਆਹ ਕਰਵਾਉਣ ਲਈ ਵੀਜ਼ੇ ਦੀ ਉਡੀਕ ਵਿਚ ਨਜ਼ਰਾਂ ਵਿਛਾ ਕੇ ਬੈਠੇ ਹਨ ਪਰ ਵੀਜ਼ੇ ਹਨ ਕਿ ਮਿਲਣ ਦਾ ਨਾਮ ਹੀ ਨਹੀਂ ਲੈ ਰਹੇ।ਕਹਾਣੀ ਹੈ ਭਾਰਤ ਚ ਪੰਜਾਬ ਦੇ ਬਟਾਲਾ ਵਿਚ ਰਹਿੰਦੇ ਨਮਨ ਲੂਥਰਾ ਦਾ ਅਤੇ ਪਕਿਸਤਾਨ ਚ ਲਹੌਰ ਦੇ ਸਮਾਨਾਬਾਦ ਦੀ ਰਹਿਣ ਵਾਲੀ ਸ਼ਾਹਲੀਨ ਦੀ।2015 ਵਿੱਚ ਦੋਹਾਂ ਵਿਚ ਪਿਆਰ ਹੋਇਆ ਅਤੇ 2016 ਵਿੱਚ ਦੋਨਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਵੀ ਕਰ ਲਈ ਪਰ ਪਿਛਲੇ ਛੇ ਸਾਲ ਤੋਂ ਦੋਨੋ ਹੀ ਆਪਣੇ ਵਿਆਹ ਹੋਣ ਦੀ ਉਡੀਕ ਵਿਚ ਬੈਠੇ ਹਨ ਅਤੇ ਇਹਨਾਂ ਦੇ ਵਿਆਹ ਦੇ ਰਾਹ ਵਿੱਚ ਪੱਥਰ ਬਣਿਆ ਹੈ ਵੀਜ਼ਾ ਜੋ ਕੇ ਮਿਲਣ ਦਾ ਨਾਮ ਨਹੀਂ ਲੈ ਰਿਹਾ।
ਓਥੇ ਹੀ ਬਟਾਲਾ ਦੇ ਰਹਿਣ ਵਾਲੇ ਐਡਵੋਕੇਟ ਨਮਨ ਲੂਥਰਾ ਨੇ ਦੱਸਿਆ ਕਿ ਉਸਦੇ ਨਾਨਕੇ ਪਾਕਿਸਤਾਨ ਦੇ ਲਾਹੌਰ ਵਿਚ ਹਨ। ਆਪਣੀ ਮਾਂ ਨਾਲ ਪਹਿਲਾ 2015 ਵਿੱਚ ਪਾਕਿਸਤਾਨ ਲਾਹੌਰ ਆਪਣੇ ਨਾਨਕੇ ਗਿਆ ਸੀ ਜਿਥੇ ਸਾਹਲੀਨ ਉਸਨੂੰ ਪਸੰਦ ਆ ਗਈ ਅਤੇ ਉਸਤੋਂ ਬਾਅਦ ਆਪਣੇ ਦਿਲ ਦੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਅਤੇ ਪਰਿਵਾਰ ਨੇ ਸਾਹਲੀਨ ਦੇ ਪਰਿਵਾਰ ਨਾਲ ਸਾਡੇ ਰਿਸ਼ਤੇ ਦੀ ਗੱਲ ਚਲਾਈ ।ਥੋੜੀ ਮੁਸ਼ਕਿਲ ਦੇ ਬਾਅਦ 2016 ਵਿੱਚ ਸਾਡੀ ਦੋਨਾਂ ਦੀ ਮੰਗਣੀ ਹੋ ਗਈ। ਉਸਤੋਂ ਬਾਅਦ ਵਿਆਹ ਕਰਵਾਉਣ ਦੇ ਲਈ ਵੀਜ਼ੇ ਅਪਲਾਈ ਕੀਤੇ ਤਾਂ ਸ਼ਾਹਲੀਨ ਨੂੰ ਵੀਜ਼ਾ ਨਹੀਂ ਮਿਲਿਆ। ਦੁਬਾਰਾ ਅਪਲਾਈ ਕੀਤਾ ਤਾਂ ਉਸ ਵੇਲੇ ਕੋਵਿਡ ਕਾਲ ਆ ਗਿਆ। ਤੱਦ ਵੀ ਵੀਜ਼ਾ ਰੁੱਕ ਗਿਆ ਅਤੇ ਹੁਣ ਦੁਬਾਰਾ ਵੀਜ਼ੇ ਲਈ ਸ਼ਾਹਲੀਨ ਨੇ ਵੀਜ਼ਾ ਅਪਲਾਈ ਕੀਤਾ ਪਰ ਫਿਰ ਵੀਜ਼ਾ ਨਹੀਂ ਮਿਲਿਆ। ਇਸੇ ਤਰਾਂ ਕਰਦੇ ਕਰਦੇ ਛੇ ਸਾਲ ਬੀਤ ਗਏ ਪਰ ਵੀਜ਼ਾ ਨਾ ਮਿਲਣ ਕਾਰਨ ਸਾਡਾ ਵਿਆਹ ਵੀ ਨਹੀਂ ਹੋ ਪਾਇਆ।
ਨਮਨ ਨੇ ਦੱਸਿਆ ਕਿ ਉਹ ਵੀਜ਼ਾ ਲੈਕੇ ਪਾਕਿਸਤਾਨ ਜਾ ਕੇ ਆਪਣਾ ਵਿਆਹ ਕਰ ਸਕਦਾ ਹੈ ਪਰ ਸ਼ਾਹਲੀਨ ਨੂੰ ਜਿੰਨੀ ਦੇਰ ਤਕ ਵੀਜ਼ਾ ਨਹੀਂ ਮਿਲਦਾ ਸ਼ਾਹਲੀਨ ਭਾਰਤ ਮੇਰੇ ਕੋਲ ਨਹੀਂ ਆ ਸਕਦੀ। ਉਸਨੇ ਕਿਹਾ ਜਦੋ ਦਾ ਕਰਤਾਰਪੁਰ ਕੋਰੀਡੋਰ ਬਣਿਆ ਹੈ ਉਸ ਵੇਲੈ ਤੋਂ ਅਸੀਂ ਦੋਵੇਂ ਅਤੇ ਪਰਿਵਾਰਿਕ ਮੈਂਬਰ ਕਰਤਾਰਪੁਰ ਸਾਹਿਬ ਜਾਕੇ ਕਦੇ ਕਦੇ ਆਪਸ ਵਿਚ ਮਿਲ ਲੈਂਦੇ ਹਾਂ।ਨਮਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਦੁਬਾਰਾ ਸ਼ਾਹਲੀਨ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਹੈ ਇਸ ਵਾਰ ਸ਼ਾਹਲੀਨ ਨੂੰ ਵੀਜਾ ਦੇ ਦਿਤਾ ਜਾਵੇ ਤਾਂਕਿ ਅਸੀਂ ਦੋਵੇਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਭਵਿੱਖ ਨੂੰ ਸੰਵਾਰ ਸਕੀਏ।
ਓਥੇ ਹੀ ਨਮਨ ਲੂਥਰਾ ਦੀ ਮਾਤਾ ਯੋਗੀਤਾ ਲੂਥਰਾ ਨੇ ਕਿਹਾ ਕਿ ਉਹ ਖੁਦ ਪਾਕਿਸਤਾਨ ਲਾਹੌਰ ਤੋਂ ਵਿਆਹ ਕੇ ਭਾਰਤ ਆਏ ਸਨ ਅਤੇ ਸਾਡਾ ਪਰਿਵਾਰ ਲਾਹੌਰ ਹੋ ਕੇ ਆਉਂਦਾ ਰਹਿੰਦਾ ਹੈ। ਇਸੇ ਦੇ ਚਲਦੇ ਹੀ ਨਮਨ ਨੂੰ ਸ਼ਾਹਲੀਨ ਪਸੰਦ ਆ ਗਈ ਅਤੇ ਅਸੀਂ ਇਸ ਰਿਸਤੇ ਦੀ ਗੱਲ ਚਲਾਈ ਤਾਂ ਰਿਸ਼ਤਾ ਹੋ ਗਿਆ ਪਰ ਉਸਤੋਂ ਬਾਅਦ ਵਿਆਹ ਦੀ ਗੱਲ ਚੱਲੀ ਵੀਜ਼ੇ ਅਪਲਾਈ ਕੀਤੇ ਪਰ ਸ਼ਾਹਲੀਨ ਨੂੰ ਵੀਜ਼ਾ ਨਹੀਂ ਮਿਲਿਆ ਅਤੇ ਪਿਛਲੇ ਛੇ ਸਾਲ ਤੋਂ ਇਸ ਵੀਜ਼ੇ ਦੀ ਉਡੀਕ ਵਿੱਚ ਮੇਰੇ ਪੁੱਤਰ ਦੇ ਸਗਨਾਂ ਵਿਹਾਰ ਕਰਨ ਦੇ ਚਾਅ ਵੀ ਮੇਰੇ ਮਨ ਅੰਦਰ ਹੀ ਰਹਿ ਗਏ ਸੋਚਿਆ ਸੀ ਕਿ ਬਹੁਤ ਹੀ ਖੁਸ਼ੀਆਂ ਚਾਵਾਂ ਮਲਾਰਾਂ ਨਾਲ ਆਪਣੇ ਪੁੱਤਰ ਦਾ ਵਿਆਹ ਕਰਦੇ ਹੋਏ ਆਪਣੇ ਸਾਰੇ ਚਾਅ ਪੂਰੇ ਕਰਾਂਗੀ ਪਰ ਉਹ ਸਾਰੇ ਚਾਅ ਵੀਜ਼ਾ ਨਾ ਮਿਲਣ ਕਾਰਨ ਅਜੇ ਅਧੂਰੇ ਹੀ ਪਏ ਹਨ। ਉਹਨਾਂ ਕਿਹਾ ਕਿ ਸਰਕਾਰ ਸ਼ਾਹਲੀਨ ਨੂੰ ਵੀਜ਼ਾ ਦੇਵੇ ਤਾਂਕਿ ਇਹ ਦੋਨੋ ਵੀ ਆਪਣਾ ਵਿਆਹੁਤਾ ਜੀਵਨ ਸੁਖੀ ਸੁਖੀ ਵਤੀਤ ਕਰਨ ਅਤੇ ਮੈਂ ਵੀ ਆਪਣੇ ਚਾਅ ਪੂਰੇ ਕਰ ਸਕਾਂ।