ਆਈ. ਆਈ. ਟੀ ਰੋਪੜ ਅਤੇ ਆਈ. ਆਈ. ਟੀ ਮੰਡੀ ਨੇ ਅਧਿਆਪਨ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਹਿੱਤ ਸਹਿਯੋਗ ਸਮਝੌਤੇ 'ਤੇ ਕੀਤੇ ਹਸਤਾਖਰ
- ਦੋਹਾਂ ਸੰਸਥਾਨਾਂ ਦਰਮਿਆਨ ਇੱਕ ਸਹਿਮਤੀ ਪੱਤਰ 'ਤੇ ਸੰਸਥਾਨ ਮੁਖੀਆਂ ਵਲੋਂ ਕੀਤੇ ਗਏ ਹਸਤਾਖਰ
ਹਰੀਸ਼ ਕਾਲੜਾ
ਰੋਪੜ, 09 ਦਸੰਬਰ 2022: ਆਈ. ਆਈ. ਟੀ ਰੋਪੜ ਅਤੇ ਆਈ. ਆਈ. ਟੀ ਮੰਡੀ ਨੇ ਖੋਜ ਪ੍ਰਤਿਭਾ ਵਿਕਾਸ ਨੂੰ ਅੱਗੇ ਵਧਾਉਣ ਅਤੇ ਦੋਹਾਂ ਸੰਸਥਾਵਾਂ ਦਰਮਿਆਨ ਵਿਗਿਆਨਕ- ਤਕਨੀਕੀ ਨੈੱਟਵਰਕ ਨੂੰ ਸਾਂਝਾ ਕਰਨ ਲਈ ਆਪਣੀ ਤਰ੍ਹਾਂ ਦੇ ਇੱਕ ਨਿਵੇਕਲੇ ਸਮਝੌਤੇ ਤਹਿਤ ਹੱਥ ਮਿਲਾਇਆ ਹੈ। ਇਸ ਸਬੰਧੀ ਅੱਜ ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਅਤੇ ਆਈ. ਆਈ. ਟੀ ਮੰਡੀ ਦੇ ਡਾਇਰੈਕਟਰ ਪ੍ਰੋਫੈਸਰ ਲਕਸ਼ਮੀਧਰ ਬੇਹੇੜਾ ਨੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਹਿਯੋਗ ਅਧਿਆਪਨ ਅਤੇ ਸਿਖਲਾਈ ਦੇ ਸੰਦਰਭ ਵਿੱਚ ਗ੍ਰੈਜੂਏਟ ਪ੍ਰੋਗਰਾਮਾਂ ਨੂੰ ਸਾਂਝਾ ਕਰਨ ਅਤੇ ਇੱਕ ਸੰਯੁਕਤ ਪੀ. ਐੱਚ. ਡੀ ਪ੍ਰੋਗਰਾਮ ਲਈ ਖੋਜ ਸਹਿਯੋਗ ਵਿੱਚ ਤੇਜ਼ੀ ਲਿਆਉਣ ਲਈ ਸਹਿਯੋਗ ਦੇ ਨਵੇਂ ਰਸਤਿਆਂ ਦਾ ਵਿਸਤਾਰ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਦੇ ਤਹਿਤ ਸੰਸਥਾਨ ਸਾਂਝੇ ਤੌਰ 'ਤੇ ਖੋਜ ਅਤੇ ਵਿਕਾਸ ਸੈਮੀਨਾਰਾਂ, ਵਰਕਸ਼ਾਪਾਂ, ਵੈਬੀਨਾਰਾਂ, ਕਾਨਫਰੰਸਾਂ, ਨਿਰੰਤਰ ਸਿੱਖਿਆ ਪ੍ਰੋਗਰਾਮਾਂ ਦਾ ਆਯੋਜਨ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਸਿੱਖਿਆ/ ਸਿਖਲਾਈ ਪ੍ਰੋਗਰਾਮਾਂ ਲਈ ਵਿਦਿਆਰਥੀਆਂ, ਪੀ. ਐਚ. ਡੀ, ਪੋਸਟ-ਡਾਕਟਰਲ ਸਕਾਲਰਾਂ ਅਤੇ ਫੈਕਲਟੀ ਦੇ ਆਦਾਨ- ਪ੍ਰਦਾਨ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਬੇਹੇੜਾ ਨੇ ਸਹਿਮਤੀ ਪੱਤਰ 'ਤੇ ਹਸਤਾਖਰ ਕਰਦੇ ਹੋਏ ਕਿਹਾ ਕਿ િਮੈਨੂੰ ਲੱਗਦਾ ਹੈ ਕਿ ਇਹ ਦੋ ਯੁਵਾ ਆਈ. ਆਈ. ਟੀਜ਼ ਦਰਮਿਆਨ ਇੱਕ ਬਹੁਤ ਮਜ਼ਬੂਤ ਸਬੰਧ ਦੀ ਸ਼ੁਰੂਆਤ ਹੈ ਜੋ ਨਿਸ਼ਚਿਤ ਤੌਰ 'ਤੇ ਅਧਿਆਪਨ ਅਤੇ ਖੋਜ ਤੇ ਤਾਲਮੇਲ ਦੀ ਗੁਣਵੱਤਾ ਨੂੰ ਵਧਾਏਗਾ ਅਤੇ 'ਆਤਮ-ਨਿਰਭਰ ਭਾਰਤ' ਬਣਾਉਣ ਦੇ ਨਾਲ- ਨਾਲ ਆਰਥਿਕ ਅਤੇ ਤਕਨੀਕੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਖੋਜ ਅਤੇ ਵਿਕਾਸ ਪ੍ਰੋਗਰਾਮਾਂ 'ਤੇ ਧਿਆਨ ਕੇਂਦਰਿਤ ਕਰੇਗਾ।
ਉਨ੍ਹਾਂ ਕਿਹਾ ਕਿ ਦੋਵੇਂ ਆਈ. ਆਈ. ਟੀਜ਼ ਭਾਰਤ ਨੂੰ ਨਵੀਨਤਾ ਵਿੱਚ ਆਤਮ-ਨਿਰਭਰ ਬਣਾਉਣ ਲਈ ਯਤਨਸ਼ੀਲ ਰਹਿਣਗੇ ਅਤੇ ਸਹਿਯੋਗ ਰਾਹੀਂ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਸਵਦੇਸ਼ੀ ਟੈਕਨੋਲੋਜੀਆਂ ਵਿਕਸਿਤ ਕਰਨ ਦੇ ਮਿਸ਼ਨ ਨਾਲ ਰਾਸ਼ਟਰੀ ਮਹੱਤਵ ਦੀਆਂ ਚੁਣੌਤੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਸਮਾਗਮ ਦੌਰਾਨ ਵੱਖ- ਵੱਖ ਵਿਭਾਗਾਂ ਦੇ ਡੀਨ, ਐਸੋਸੀਏਟ ਡੀਨ, ਐਚ. ਓ. ਡੀ ਅਤੇ ਆਈ. ਆਈ. ਟੀ ਮੰਡੀ ਦੇ ਵਫ਼ਦ ਹਾਜ਼ਰ ਸਨ।