ਮੋਰਚੇ ਵਿੱਚ ਬੀਤੇ ਦਿਨੀਂ ਸ਼ਹੀਦ ਹੋਏ ਮਜ਼ਦੂਰ ਦੀ ਮ੍ਰਿਤਕ ਦੇਹ ਦਾ ਸਸਕਾਰ ਮੰਗਾਂ ਮੰਨਣ ਤੱਕ ਨਹੀਂ ਕੀਤਾ ਜਾਵੇਗਾ - ਸੰਘਰਸ਼ ਕਮੇਟੀ
- 12ਦਸੰਬਰ ਨੂੰ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ,ਮੋਰਚਾ ਚੌਦਵੇਂ 14 ਦਿਨ ਵਿੱਚ ਦਾਖਲ
ਰੋਹਿਤ ਗੁਪਤਾ
ਗੁਰਦਾਸਪੁਰ 9 ਦਸੰਬਰ 2022 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫ਼ਤਰ ਗੁਰਦਾਸਪੁਰ ਅੱਗੇ ਲੱਗਾਇਆ ਗਿਆ ਮੋਰਚਾ ਅੱਜ ਚੌਧਵੇਂ ਦਿਨ ਵਿੱਚ ਦਾਖਲ ਕਰ ਗਿਆ ਹੈ। ਮੋਰਚੇ ਨੂੰ ਸੰਬੋਧਿਤ ਕਰਦਿਆਂ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਸ਼ਹੀਦ ਬਲਵਿੰਦਰ ਸਿੰਘ ਤਰਨਤਾਰਨ ਪਿਛਲੇ 4 ਦਿਨਾਂ ਤੋਂ ਮੋਰਚੇ ਵਿਚ ਸ਼ਾਮਿਲ ਸੀ, ਉਸ ਦੇ 4 ਬੱਚੇ ਹਨ ਤੇ ਅਤਿ ਦੀ ਗਰੀਬੀ ਵਿਚ ਗੁਜ਼ਾਰਾ ਕਰ ਰਿਹਾ ਸੀ। ਆਗੂਆਂ ਨੇ ਮਜ਼ਦੂਰ ਦੀ ਸ਼ਹੀਦੀ ਲਈ ਭਗਵੰਤ ਮਾਨ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰੁਦਿਆਂ ਜ਼ੋਰਦਾਰ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਦਾ ਸਮੁੱਚਾ ਕਰਜਾ ਖਤਮ ਕੀਤਾ ਜਾਵੇ।
ਕਿਸਾਨ ਆਗੂਆਂ ਅੱਗੇ ਦੱਸਿਆ ਕਿ 12 ਦਸੰਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ । ਉਨ੍ਹਾਂ ਨੇ ਮੰਗ ਕੀਤੀ ਕਿ 17.5 ਏਕੜ ਹੱਦਬੰਦੀ ਕਾਨੂੰਨ ਲਾਗੂ ਕਰਕੇ ਲੱਖਾਂ ਏਕੜ ਜ਼ਮੀਨ ਜ਼ਬਤ ਕੀਤੀ ਜਾਵੇ ਤੇ ਬੇਜ਼ਮੀਨਿਆਂ ਵਿੱਚ ਵੰਡੀ ਜਾਵੇ, ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਪੰਜਾਬ ਦੀ ਸਾਰੀ ਵਾਹੀ ਯੋਗ ਜ਼ਮੀਨ ਨੂੰ ਨਹਿਰੀ ਪਾਣੀ ਲਗਾਇਆ ਜਾਵੇ, ਧਰਤੀ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਖਤ ਕਾਰਵਾਈ ਕੀਤੀ ਜਾਵੇ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਜੀ-20 ਦੇਸ਼ਾਂ ਦੇ ਭਾਰਤ ਵਿੱਚ ਹੋ ਰਹੇ ਸੰਮੇਲਨ ਰੱਦ ਕੀਤੇ ਜਾਣ, ਬਿਜਲੀ ਵੰਡ ਕਾਨੂੰਨ 2022 ਵੀ ਰੱਦ ਕੀਤਾ ਜਾਵੇ, ਮਨਰੇਗਾ ਸਕੀਮ ਅਧੀਨ 365 ਦਿਨ ਕੰਮ ਮਜ਼ਦੂਰਾਂ ਨੂੰ ਦਿੱਤਾ ਜਾਵੇ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਜੁਮਲਾ ਮੁਸਤਰਕਾਂ ਖਾਤਿਆਂ ਦੀਆਂ ਜਮੀਨਾਂ ਪੰਚਾਇਤਾਂ ਨੂੰ ਦੇਣ ਲਈ ਪੇਂਡੂ ਕਾਮਨ ਲੈਂਡ ਐਕਟ 1961 ਵਿੱਚ ਕੀਤੀ ਸੋਧ ਰੱਦ ਕੀਤੀ ਜਾਵੇ।ਇਸ ਮੌਕੇ ਤੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸੁਖਜਿੰਦਰ ਸਿੰਘ ਗੋਤ, ਡਾਕਟਰ ਦਲਜੀਤ ਸਿੰਘ, ਜਤਿੰਦਰ ਸਿੰਘ ਵਰਿਆ, ਸੋਹਣ ਸਿੰਘ ਗਿੱਲ, ਬਖਸ਼ਿਸ਼ ਸਿੰਘ ਸੁਲਤਾਨੀ, ਸਤਨਾਮ ਸਿੰਘ ਅੱਲੜ ਪਿੰਡੀ, ਕੁਲਜੀਤ ਸਿੰਘ ਹਯਾਤ ਨਗਰ, ਕੈਪਟਨ ਸ਼ਮਿੰਦਰ ਸਿੰਘ, ਕੈਪਟਨ ਦਿਲਬਾਗ ਸਿੰਘ, ਰਣਜੀਤ ਸਿੰਘ ਚੰਦਰਭਾਨ, ਸਤਨਾਮ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਗੁਨੋਪੁਰ, ਕਰਨੈਲ ਸਿੰਘ ਮੱਲ੍ਹੀ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।