ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਗਲਤਫਹਿਮੀ ਫੈਲਾਉਣ ਵਾਲਿਆਂ ਖਿਲਾਫ ਕਰੇਗੀ ਪਟੀਸ਼ਨ : ਡਾ ਢਿੱਲੋਂ
- ਇੰਡੀਅਨ ਨਰਸਿੰਗ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਟੀ ਦਲੀਪ ਕੁਮਾਰ ਨੇ ਦਿੱਤੀ ਸਹਿਮਤੀ
ਦੀਪਕ ਗਰਗ
ਕੋਟਕਪੂਰਾ, 9 ਦਸੰਬਰ 2022 :- ਅਣਗਹਿਲੀ, ਲਾਪ੍ਰਵਾਹੀ ਜਾਂ ਸਾਜਿਸ਼ ਨਾਲ ਕੀਤੀ ਕੋਈ ਵੀ ਗਲਤੀ ਜਾਂ ਸ਼ਰਾਰਤ ਕਿਸੇ ਵੀ ਸਮੇਂ ਮੁਸੀਬਤ ਬਣ ਸਕਦੀ ਹੈ, ਕਿਉਂਕਿ ਪਿਛਲੇ ਦਿਨੀਂ ਇਕ ਯੂ-ਟਿਊਬ ਚੈਨਲ ਰਾਹੀਂ ਕੂੜ ਪ੍ਰਚਾਰ ਕਰਨ ਵਾਲੇ ਵਿਅਕਤੀ ਅਤੇ ਵੈਬ ਚੈਨਲ ਖਿਲਾਫ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਨੇ ਅਦਾਲਤ ਵਿੱਚ ਮਾਣਹਾਨੀ ਦੀ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਟੀ ਦਲੀਪ ਕੁਮਾਰ ਰਾਸ਼ਟਰੀ ਪ੍ਰਧਾਨ ਇੰਡੀਅਨ ਨਰਸਿੰਗ ਕੌਂਸਲ ਨੂੰ ਜੀ ਆਇਆਂ ਕਹਿਣ ਉਪਰੰਤ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਤਥਾਕਥਿੱਤ ਡਾਕਟਰ ਵਲੋਂ ਨਰਸਿੰਗ ਕਾਲਜਾਂ ਦੀ ਮਾਨਤਾ ਬਾਰੇ ਗਲਤ ਅਤੇ ਬੇਬੁਨਿਆਦ ਬਿਆਨ ਦੇ ਕੇ ਗਲਤਫਹਿਮੀ ਅਤੇ ਭੰਬਲਭੂਸਾ ਖੜਾ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ।
ਟੀ ਦਲੀਪ ਕੁਮਾਰ ਨੇ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਨੂੰ ਵਿਸ਼ਵਾਸ਼ ਦਿਵਾਇਆ ਕਿ ਉਕਤ ਬਿਆਨਬਾਜੀ ਬਿਲਕੁਲ ਗਲਤ ਹੈ, ਜਿਸ ’ਤੇ ਤੁਰਤ ਕਾਰਵਾਈ ਹੋਣੀ ਚਾਹੀਦੀ ਹੈ। ਆਪਣੇ ਸੰਬੋਧਨ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ ਸਮੇਤ ਹੋਰ ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੁਝ ਲੋਕ ਨਰਸਿੰਗ ਕਾਲਜਾਂ ਦੀ ਆੜ ਹੇਠ ਸਰਕਾਰ ਦੇ ਮੰਤਰੀਆਂ, ਅਫਸਰਾਂ, ਮੈਨੇਜਮੈਂਟ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕੌਸ਼ਿਸ਼ ਕਰ ਰਹੇ ਹਨ, ਕਿਉਂਕਿ ਉਕਤ ਵੈਬ ਚੈਨਲ ਰਾਹੀਂ ਜਿਹੜੇ ਕਾਲਜਾਂ ਦੇ ਨਾਮ ਲਏ ਗਏ ਹਨ, ਉਹ ਮਾਨਤਾ ਪ੍ਰਾਪਤ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਰਸਿੰਗ ਕਾਲਜਾਂ ਨੂੰ ਬਦਨਾਮ ਕਰਨ ਵਿੱਚ ਵਿਰੋਧੀ ਪਾਰਟੀਆਂ ਅਤੇ ਸ਼ਰਾਰਤੀ ਅਨਸਰਾਂ ਦਾ ਹੱਥ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ, ਮੀਤ ਪ੍ਰਧਾਨ ਪੁਨੀਤ ਬਾਵਾ, ਮਾਲਵਾ ਜੋਨ ਦੇ ਪ੍ਰਧਾਨ ਸੁਸ਼ੀਲ ਬਾਂਸਲ ਸਮੇਤ ਹੋਰ ਵੀ ਅਹੁਦੇਦਾਰ ਤੇ ਮੈਂਬਰ ਹਾਜਰ ਸਨ।