ਕਿਸਾਨ ਮੋਰਚਾ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਵਿੱਚ ਅਹਿਮ ਵਿਚਾਰਾਂ
- 26 ਜਨਵਰੀ ਨੂੰ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਜਨ-ਗਣ ਏਕਤਾ ਇੱਕ ਪ੍ਰੋਗਰਾਮ ਕਰਨ ਦੀ ਵਿਉਂਤਬੰਦੀ ਉਲੀਕੀ
ਦਲਜੀਤ ਕੌਰ
ਚੰਡੀਗੜ੍ਹ, 9 ਦਸੰਬਰ 2022: ਸੰਯੁਕਤ ਕਿਸਾਨ ਮੋਰਚਾ ਦੀ ਇੱਕ ਰਾਸ਼ਟਰੀ ਮੀਟਿੰਗ ਹਰਿਆਣਾ ਦੇ ਕਰਨਾਲ ਵਿੱਚ ਹੋਈ। ਇਸ ਮੀਟਿੰਗ ਦੀ ਕਿਸਾਨ ਨੇਤਾ ਸਤਿਵਾਨ, ਕਿਸ਼ੋਰ ਧਮਾਲੇ, ਸੁਰੇਸ਼ ਕੌਥ ਨੇ ਸਾਂਝੇ ਰੂਪ 'ਚ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਭ ਤੋਂ ਵੱਧ ਏਕਤਾ ਅਤੇ ਲੋਕ ਸੰਘਰਸ਼ ਦੇ ਸੰਕਲਪ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਅਤੇ ਵਿਸ਼ਾਲ ਬਣਾਉਣ ਲਈ ਸਾਰਿਆਂ ਨੇ ਜ਼ੋਰ ਦਿੱਤਾ।
ਮੀਟਿੰਗ ਵਿੱਚ ਹੰਨਨ ਮੌਲਾ, ਸ਼ੰਕਰ ਘੋਸ਼, ਆਸ਼ੀਸ਼ ਮਿੱਤਲ, ਆਰ. ਵੈਂਕੇਯਾ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਗਹਿਲਾਵਤ, ਬੂਟਾ ਸਿੰਘ ਬੁਰਜਗਿਲ, ਜੋਗਿੰਦਰ ਸਿੰਘ ਉਗਰਾਹਾਂ, ਦਰਸ਼ਨ ਪਾਲ, ਅਵਿਕ ਸ਼ਾਹਾ, ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਰਾਮਿੰਦਰ ਸਿੰਘ ਪਟਿਆਲਾ, ਕਿਰਨਜੀਤ ਸਿੰਘ ਸੇਖੋਂ, ਹਰਦੇਵ ਸਿੰਘ ਸੰਧੂ, ਗੌਰਵ ਟਿਕੈਤ, ਹਰਜੀਤ ਸਿੰਘ ਰਵੀ, ਰਤਨਮਾਨ, ਵਿਰੇਂਦਰ ਸਿੰਘ ਡਾਗਰ, ਇੰਦਰਜੀਤ ਸਿੰਘ, ਹਰਜੀਤ ਸਿੰਘ, ਜੈਕਰਨ ਮੰਗੋਠੀ, ਜੋਗਿੰਦਰ ਸਿੰਘ ਨੈਣ, ਤੇਜ਼ਰਾਮ ਵਿਦਰੋਹੀ, ਲੱਖਾ ਸਿੰਘ, ਫੁੱਲਚੰਦ ਢੇਵਾ, ਯੁਵਰਾਜ ਗਟਕਲ ਤੇਜ਼ਵੀਰ ਸਿੰਘ ਪੰਜੋਖਰਾ ਅਤੇ ਗੁਰਨਾਮ ਸਿੰਘ ਨੇ ਆਪਣੇ ਵਿਚਾਰ ਰੱਖੇ ।
ਪਿਛਲੇ ਅੰਦੋਲਨਾਂ ਦੀ ਸਮੀਖਿਆ ਵਿੱਚ ਆਗੂਆਂ ਨੇ ਕਿਹਾ ਕਿ 26 ਨਵੰਬਰ ਨੂੰ "ਰਾਜ ਭਵਨ ਚਲੋ" ਪ੍ਰੋਗਰਾਮ ਮੋਹਾਲੀ, ਪੰਚਕੂਲਾ, ਲਖਨਊ, ਪਟਨਾ, ਕੋਲਕਾਤਾ, ਭੋਪਾਲ, ਜੈਪੁਰ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੂਰੀ ਤਰ੍ਹਾਂ ਸਫਲ ਹੋਏ। ਕੁੱਝ ਰਾਜ ਸਰਕਾਰਾਂ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਗਿਰਫਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ।
ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ 'ਤੇ ਸਾਰੇ ਆਗੂਆਂ ਨੇ ਸਖ਼ਤ ਰੋਸ਼ ਪ੍ਰਗਟ ਕੀਤਾ। ਕਿਸਾਨਾਂ ਦੀ ਘਰ ਵਾਪਸੀ ਤੋਂ ਪਹਿਲਾਂ ਕੇਂਦਰ-ਸਰਕਾਰ ਵੱਲੋਂ ਕੀਤੇ ਵਾਅਦੇ ਨਹੀਂ ਪੂਰੇ ਹੋਏ। ਹਾਲੇ ਤੱਕ ਐਮਐਸਪੀ ਸਬੰਧੀ ਕਾਨੂੰਨ ਨਹੀਂ ਬਣਿਆ, ਸਗੋਂ, ਬਿਜਲੀ ਦੇ ਖੇਤਰ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਸੁਪਰਦਗੀ ਦੇਣ ਦੇ ਇਰਾਦੇ ਤੋਂ ਸਰਕਾਰ ਨੇ ਬਿਜਲੀ ਬਿਲ 2022 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਅਤੇ ਕਿਸਾਨਾਂ 'ਤੇ ਲਗਾਤਾਰ ਜ਼ਬਰ ਕੀਤਾ ਜਾ ਰਿਹਾ ਹੈ।
ਸਾਰੇ ਆਗੂਆਂ ਨੇ ਮਹਿਸੂਸ ਕੀਤਾ ਕਿ 26 ਜਨਵਰੀ, 2021 ਨੂੰ ਸਰਕਾਰ ਨੇ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਸੀ ਅਤੇ ਕਿਸਾਨਾਂ ਨੂੰ ਜਾਤੀ, ਧਰਮ, ਇਲਾਕਾ, ਭਾਸ਼ਾ ਦੇ ਨਾਮ 'ਤੇ ਵੰਡਣ ਦੀ ਜੋ ਸਾਜਿਸ਼ ਰਚੀ ਸੀ, ਉਹ ਅਜੇ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹਰ ਕੀਮਤ 'ਤੇ ਇਹ ਸਾਜ਼ਿਸ਼ਾਂ ਅਸਫਲ ਕਰਨ ਦਾ ਵਾਅਦਾ ਕੀਤਾ। ਇਸ ਦੇ ਨਾਲ ਕਿਹਾ ਕਿ ਅਗਲੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਜਨ-ਗਣ ਏਕਤਾ ਇੱਕ ਪ੍ਰੋਗਰਾਮ ਕਰਨ ਦੀ ਵਿਉਂਤਬੰਦੀ ਕੀਤੀ। ਨਾਲ ਕਿਹਾ ਕਿ ਅਗਲੇ ਬਜਟ ਸੈਸ਼ਨ 'ਤੇ ਬਕਾਇਆ ਮੰਗਾਂ ਨੂੰ ਸੰਸਦ 'ਤੇ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਇਸ ਮੀਟਿੰਗ ਵਿੱਚ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਤੋਂ ਘੋਸ਼ਣਾ ਕੀਤੀ ਗਈ ਕਿ 24 ਦਸੰਬਰ ਨੂੰ ਮੁੜ ਕਰਨਾਲ ਵਿੱਚ ਮੀਟਿੰਗ ਹੋਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਅਤੇ ਸਤਿਆਵਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਖੇਤੀ ਵਿੱਚ ਜੀਐੱਮ ਬੀਜ਼ਾਂ ਨੂੰ ਲਿਆਉਣ ਦਾ ਸਖ਼ਤ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਜੇਕਰ ਇਸਨੂੰ ਵਾਪਸ ਨਹੀਂ ਕੀਤਾ ਗਿਆ, ਤਾਂ ਇਹ ਪੂਰੀ ਖੇਤੀ ਬਹੁਰਾਸ਼ਟਰੀ ਕੰਪਨੀਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਉੱਤੇ ਜੁਲਮ ਢਾਹੁਣ ਦੇ ਦੋਸ਼ਾਂ ਉੱਤੇ ਅਦਾਲਤ ਦੀ ਕਾਰਵਾਈ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣ ਆਸ ਹੈ। ਨਾਲ ਹੀ ਇਹ ਵੀ ਕਿਹਾ ਕਿ ਝੂਠੇ ਕੇਸਾਂ ਵਿੱਚ ਫਸਾਏ ਕਿਸਾਨਾਂ ਨੂੰ ਤੁਰੰਤ ਪ੍ਰਭਾਵ ਤੋਂ ਰਿਹਾਅ ਕੀਤਾ ਜਾਵੇ।
ਵੱਖ ਵੱਖ ਰਾਜਾਂ 'ਚ ਚਲ ਰਹੇ ਜ਼ਮੀਨ ਅਧਿਗ੍ਰਹਿਣ ਅਤੇ ਕਿਸਾਨ ਸੰਘਰਸ਼ਾਂ ਦਾ ਸੰਯੁਕਤ ਕਿਸਾਨ ਮੋਰਚਾ ਨੇ ਸਮਰਥਨ ਕੀਤਾ। ਗੰਨਾ ਕਿਸਾਨਾਂ ਦਾ ਲਾਭਕਾਰੀ ਮੁੱਲ ਅਤੇ ਬਕਾਇਆ ਪੂਰੀ ਤਰ੍ਹਾਂ ਅਦਾ ਕਰਨ ਦੀ ਮੰਗ ਕੀਤੀ ਗਈ। ਕਿਸਾਨਾਂ ਦੀ ਲੜਾਈ ਜਾਰੀ ਹੈ। 'ਲੜਕੇ ਜਿੱਤਾਂਗੇ' ਦੇ ਸੰਕਲਪ ਦੇ ਨਾਲ ਮੀਟਿੰਗ ਸੰਪੰਨ ਹੋਈ।