ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਦੀਆਂ ਟੀਮਾਂ ਫਾਈਨਲ ਵਿਚ ਭਿੜਣਗੀਆਂ
ਰਾਜ ਬੰਗਾ
ਬੰਗਾ, 10 ਦਸੰਬਰ 2022 : ਸ਼ਹੀਦ -ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲੋਂ ਹਰਦੇਵ ਸਿੰਘ ਕਾਹਮਾ ਦੀ ਰਹਿਨੁਮਾਈ ਹੇਠ ਪਰਮਜੀਤ ਕਾਹਮਾ ਅਤੇ ਹਰਜਗਦੀਸ਼ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ 24ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਪੰਜਵੇਂ ਦਿਨ ਸੈਮੀਫਾਈਨਲ ਦੇ ਦੋ ਮੈਚ ਹੋਏ। ਜਿਹਨਾਂ ਵਿੱਚੋਂ ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਦੀਆਂ ਟੀਮਾਂ ਫਾਈਨਲ ਵਿਚ ਦਾਖਲ ਹੋ ਗਈਆਂ। ਇਹ ਦੋਨੋਂ ਟੀਮਾਂ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਪ੍ਰਾਪਤ ਕਰਨ ਲਈ ਭਿੜਣਗੀਆਂ।
ਅੱਜ ਹੋਏ ਸੈਮੀਫਾਈਨਲ ਦੇ ਮੈਚਾਂ ਵਿੱਚੋਂ ਪਹਿਲਾ ਮੈਚ ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਵਿਚਕਾਰ ਹੋਇਆ। ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਦੀ ਟੀਮ ਨੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਦੀ ਟੀਮ ਨੂੰ 2-0 ਦੇ ਸਕੋਰ ਨਾਲ ਹਰਾ ਕੇ ਫਾਈਨਲ ਵਿਚ ਦਾਖਲਾ ਪਾ ਲਿਆ ਹੈ। ਇਸ ਮੈਚ ਦਾ ਉਦਘਾਟਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ ਅਤੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਨੇ ਕੀਤਾ। ਮੈਚ ਦੇ ਅੱਧ ਵਿਚਕਾਰ ਤਰਸੇਮ ਸਿੰਘ ਮੂਸਾਪੁਰ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਅੱਜ ਦਾ ਦੂਜਾ ਸੈਮੀਫਾਈਨਲ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਅਤੇ ਜਗਤ ਸਿੰਘ ਪਲਾਹੀ ਫੁੱਟਬਾਲ ਅਕਾਡਮੀ ਫਗਵਾੜਾ ਵਿਚਕਾਰ ਹੋਇਆ। ਇਹ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਦੀ ਟੀਮ ਨੇ 1-0 ਦੇ ਸਕੋਰ ਨਾਲ ਵਿਰੋਧੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਮੈਚ ਦਾ ਉਦਘਾਟਨ ਸਤਨਾਮ ਸਿੰਘ ਹੇੜ੍ਹੀਆਂ ਅਤੇ ਅਨਵਰ ਮੁਹੰਮਦ ਨੇ ਕੀਤਾ। ਮੈਚ ਦੇ ਅੱਧ ਵਿਚਕਾਰ ਡਾ. ਜਸਪਾਲ ਸਿੰਘ ਰੰਧਾਵਾ ਸਾਬਕਾ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਅਤੇ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਂਮੈਂਟ ਦੇ ਆਖਰੀ ਦਿਨ ਸਿਰਫ਼ ਇਕ ਫਾਈਨਲ ਮੈਚ ਹੀ ਹੋਵੇਗਾ। ਇਹ ਮੈਚ ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਵਿਚਕਾਰ ਹੋਵੇਗਾ। ਅੱਜ ਦਰਸ਼ਨ ਸਿੰਘ ਮਾਹਲ, ਝਲਮਣ ਸਿੰਘ ਸਿੱਧੂ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਪ੍ਰੋ. ਸੰਤੋਖ ਸਿੰਘ ਔਜਲਾ, ਪ੍ਰੋ. ਸੁਰਿੰਦਰ ਸ਼ਰਮਾ, ਪ੍ਰੋ. ਐਸ. ਐਸ. ਕੌਲ, ਕਸ਼ਮੀਰੀ ਲਾਲ ਮੰਗੂਵਾਲ, ਤਰਲੋਚਨ ਸਿੰਘ ਪੂੰਨੀ, ਪ੍ਰੋ. ਪਰਗਣ ਸਿੰਘ ਅਟਵਾਲ, ਜਗਤਾਰ ਸਿੰਘ ਝਿੱਕਾ, ਦਲਜੀਤ ਸਿੰਘ ਸੁੱਜੋਂ, ਡਾ. ਗੁਰਮੀਤ ਸਿੰਘ ਸਰਾਂ, ਚਰਨਜੀਤ ਕੁਮਾਰ ਸ਼ਰਮਾ, ਅਮਨਦੀਪ ਸਿੰਘ ਥਾਂਦੀ, ਪਿਆਰਾ ਸਿੰਘ ਕਾਹਮਾ, ਦਵਿੰਦਰ ਕੁਮਾਰ ਖਾਨਖਾਨਾ, ਸਵਰਨ ਸਿੰਘ ਕਾਹਮਾ ਨੰਬਰਦਾਰ, ਸਰਬਜੀਤ ਮੰਗੂਵਾਲ, ਪ੍ਰੋ. ਸਨਦੀਪ ਨਈਅਰ, ਸੁੱਚਾ ਰਾਮ ਖਟਕੜ ਪੀ ਟੀ ਆਈ ਆਦਿ ਸੈਂਕੜੇ ਦਰਸ਼ਕਾਂ ਨੇ ਮੈਚਾਂ ਦਾ ਆਨੰਦ ਮਾਣਿਆ।