ਅਰਜਨਟਾਈਨਾ ਵਿਸ਼ਵ ਕੱਪ ਫੁੱਟਬਾਲ ਦੇ ਸੈਮੀ ਫ਼ਾਈਨਲ ਵਿਚ
ਨਵਦੀਪ ਗਿੱਲ
ਚੰਡੀਗੜ੍ਹ, 10 ਦਸੰਬਰ,2022: ਫੀਫਾ ਵਿਸ਼ਵ ਕੱਪ 2022 ਦੇ ਮੁਕਾਬਲਿਆਂ ਵਿੱਚ ਸ਼ੁੱਕਰਵਾਰ ਦੀ ਰਾਤ ਫ਼ੁੱਟਬਾਲ ਪ੍ਰੇਮੀਆਂ ਲਈ ਦਿਲ ਧੜਕਾਉਣ ਤੇ ਦੰਦਾਂ ਹੇਠ ਉਂਗਲੀਆਂ ਦਬਾਉਣ ਵਾਲੀ ਰਹੀ।
ਦੂਜੇ ਕੁਆਰਟਰ ਫ਼ਾਈਨਲ ਦਾ ਫੈਸਲਾ ਵੀ ਪੈਨਲਟੀਆਂ ਵਿੱਚ ਹੋਇਆ। ਪਹਿਲੇ ਕੁਆਰਟਰ ਫ਼ਾਈਨਲ ਵਿੱਚ ਜਿੱਥੇ ਯੂਰੋਪੀਅਨ ਟੀਮ ਕਰੋਏਸ਼ੀਆ ਨੇ ਫ਼ੁੱਟਬਾਲ ਦੇ ਬਾਦਸ਼ਾਹ ਵਜੋਂ ਜਾਣੇ ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ ਨੂੰ ਹਰਾਇਆ, ਉੱਥੇ ਦੂਜੇ ਕੁਆਰਟਰ ਫ਼ਾਈਨਲ ਵਿੱਚ ਲਾਤੀਨੀ ਅਮਰੀਕਾ ਦੀ ਦੂਜੀ ਫ਼ੁੱਟਬਾਲ ਪਾਵਰ ਹਾਊਸ ਟੀਮ ਅਰਜਨਟਾਈਨਾ ਨੇ ਯੂਰੋਪੀਅਨ ਮੁਲਕ ਹਾਲੈਂਡ ਨੂੰ ਹਰਾਇਆ
ਅਰਜਨਟਾਈਨਾ ਨੇ ਡੱਚ ਟੀਮ ਨੂੰ ਪੈਨਲਟੀਆਂ ਵਿੱਚ 4-3 ਨਾਲ ਹਰਾਇਆ।
90 ਮਿੰਟ ਦੇ ਮੈਚ ਵਿੱਚ ਸਕੋਰ 2-2 ਨਾਲ ਬਰਾਬਰ ਰਿਹਾ। ਡੱਚ ਖਿਡਾਰੀ ਵੇਗਹੌਰਸਟ ਨੇ ਆਖ਼ਰੀ ਸਮੇਂ ਵਿੱਚ ਉਤੋਤੜੀ ਦੋ ਗੋਲ ਕਰਕੇ ਅਰਜਨਟਾਈਨਾ ਦੀ ਇਕ ਵਾਰ 2-0 ਦੀ ਲੀਡ ਕਰਕੇ ਯਕੀਨੀ ਲੱਗ ਰਹੀ ਜਿੱਤ ਨੂੰ ਇਕ ਵਾਰ ਰੋਕ ਲਿਆ। ਵਾਧੂ ਸਮੇਂ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਪੈਨਲਟੀਆਂ ਵਿੱਚ ਅਰਜਨਟਾਈਨਾ ਦਾ ਗੋਲ਼ਚੀ ਮਾਰਟਿਨੇਜ਼ ਦੋ ਪੈਨਲਟੀਆਂ ਰੋਕ ਕੇ ਮੈਚ ਦਾ ਹੀਰੋ ਰਿਹਾ।
2014 ਦੇ ਵਿਸ਼ਵ ਕੱਪ ਵਿੱਚ ਵੀ ਅਰਜਨਟਾਈਨਾ ਨੇ ਡੱਚ ਟੀਮ ਨੂੰ ਬਾਹਰ ਕੀਤਾ ਸੀ ਜਦੋਂ ਸੈਮੀ ਫ਼ਾਈਨਲ ਵਿੱਚ ਪੈਨਲਟੀਆਂ ਵਿੱਚ 4-2 ਨਾਲ ਹਰਾਇਆ ਸੀ। ਅੱਜ ਲੁਸੇਲ ਸਟੇਡੀਅਮ ਅਰਜਨਟਾਈਨਾ ਦੇ ਦਰਸ਼ਕਾਂ ਨਾਲ ਖਚਾ-ਖੱਚ ਭਰਿਆ ਹੋਇਆ ਸੀ।
ਮੈਚ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀ ਕਈ ਵਾਰ ਭਿੜੇ। ਮੈਚ ਦੌਰਾਨ ਕੁੱਲ 48 ਫਾਊਲ ਹੋਏ ਤੇ 13 ਪੀਲੇ ਕਾਰਡ ਮਿਲੇ। ਦੋ ਵਾਰ ਦੀ ਵਿਸ਼ਵ ਚੈਂਪੀਅਨ ਅਰਜਨਟਾਈਨਾ ਪੰਜਵੀਂ ਵਾਰ ਸੈਮੀਫਾਈਨਲ ਖੇਡੇਗੀ ਅਤੇ ਇਸ ਤੋਂ ਪਹਿਲਾ ਖੇਡੇ ਚਾਰੇ ਸੈਮੀ ਫ਼ਾਈਨਲ ਮੈਚਾਂ ਵਿੱਚ ਅਰਜਨਟਾਈਨਾ ਨੇ ਹਰ ਵਾਰ (1978, 1986, 1990 ਤੇ 2014) ਜਿੱਤ ਹਾਸਲ ਕੀਤੀ ਹੈ। ਅੱਜ ਅਰਜਨਟਾਈਨਾ ਦਾ ਮਹਾਨ ਖਿਡਾਰੀ ਡਿਏਗੋ ਮੈਰਾਡੋਨਾ ਇਸ ਦੁਨੀਆ ਉੱਤੇ ਹੁੰਦਾ ਤਾਂ ਉਸ ਦੇ ਜਸ਼ਨ ਦੇਖਣੇ ਬਣਦੇ ਸੀ।
ਸਟਾਰ ਖਿਡਾਰੀ ਲਿਓਨਲ ਮੈਸੀ ਨੇ ਅੱਜ ਇਕ ਗੋਲ ਕਰਕੇ ਇਸ ਵਿਸ਼ਵ ਕੱਪ ਦਾ ਚੌਥਾ ਗੋਲ ਕੀਤਾ ਅਤੇ ਉਹ ਟਾਪ ਸਕਰੋਰ ਦੀ ਸੂਚੀ ਵਿੱਚ ਦੂਜੇ ਨੰਬਰ ਉੱਤੇ ਆ ਗਿਆ। ਪੰਜਵਾਂ ਵਿਸ਼ਵ ਕੱਪ ਖੇਡ ਰਹੇ ਮੈਸੀ ਦਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ 10ਵਾਂ ਗੋਲ ਸੀ ਤੇ ਉਹ ਵਿਸ਼ਵ ਕੱਪ ਵਿੱਚ ਅਰਜਨਟਾਈਨਾ ਦਾ ਟਾਪ ਸਕਰੋਰ ਬਣ ਗਿਆ। ਮੈਸੀ ਨੇ 9 ਗੋਲ ਵਾਲੇ ਗੈਬਰੀਅਲ ਬੈਟੀਸਟੂਟਾ ਨੂੰ ਪਿੱਛੇ ਛੱਡਿਆ।
ਇਸ ਤੋਂ ਪਹਿਲਾ ਕਰੋਏਸ਼ੀਆ ਨੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਨੰਬਰ ਇਕ ਟੀਮ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਵਿੱਚੋਂ ਬਾਹਰ ਕਰਕੇ ਉਲਟ ਫੇਰ ਕੀਤਾ।
ਕਰੋਏਸ਼ੀਆ ਸੈਮੀ ਫ਼ਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ, ਪਹਿਲੇ ਕੁਆਰਟਰ ਫ਼ਾਈਨਲ ਵਿੱਚ ਬ੍ਰਾਜ਼ੀਲ ਨੂੰ ਪੈਨਲਟੀਆਂ ਵਿੱਚ 4-2 ਨਾਲ ਹਰਾਇਆ। ਨਿਰਧਾਰਿਤ ਸਮੇਂ ਵਿੱਚ ਮੈਚ 0-0 ਤੇ ਵਾਧੂ ਸਮੇਂ ਵਿੱਚ 1-1 ਨਾਲ ਮੈਚ ਬਰਾਬਰ ਰਿਹਾ। ਨੇਮਾਰ ਨੇ ਬ੍ਰਾਜ਼ੀਲ ਤੇ ਪੇਟਕੋਵਿਕ ਨੇ ਕਰੋਏਸ਼ੀਆ ਨੇ ਗੋਲ ਕੀਤਾ ਸੀ।
ਪੈਨਲਟੀਆਂ ਵਿੱਚ ਜਿੱਤਣ ਦੀ ਮਾਹਿਰ ਕਰੋਏਸ਼ੀਆ ਦਾ ਗੋਲ਼ਚੀ ਲਿਵਾਕੋਵਿਕ ਰਿਹਾ ਮੈਚ ਦਾ ਹੀਰੋ।
ਸੈਮੀ ਫ਼ਾਈਨਲ ਵਿੱਚ 13 ਦਸੰਬਰ ਨੂੰ ਅਰਜਨਟਾਈਨਾ ਤੇ ਕਰੋਏਸ਼ੀਆ ਵਿਚਾਲੇ ਹੋਵੇਗਾ ਮੁਕਾਬਲਾ
@ ਨਵਦੀਪ ਸਿੰਘ ਗਿੱਲ