ਗੈਂਗਸਟਰ ਅਤੇ ਅੱਤਵਾਦੀ ਤਾਕਤਾਂ ਦੀ ਸਰਗਰਮੀ ਕਾਰਨ ਪੰਜਾਬੀਆਂ, ਖਾਸਕਰ ਹਿੰਦੂਆਂ 'ਚ ਸਹਿਮ ਦਾ ਮਾਹੌਲ : ਪਵਨ ਗੁਪਤਾ
ਸ਼ਿਵ ਸੈਨਾ ਹਿੰਦੁਸਤਾਨ ਏਕਤਾ ਸਮੇਲਨਾਂ ਰਾਹੀਂ ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਨੂੰ ਲਿਆਏਗੀ ਇੱਕ ਮੰਚ 'ਤੇ
ਰੋਹਿਤ ਗੁਪਤਾ
ਗੁਰਦਾਸਪੁਰ, 10 ਦਸੰਬਰ 2022 : ਪੰਜਾਬ 'ਚ ਜਿਸ ਤਰ੍ਹਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦੇ ਘੱਟ ਗਿਣਤੀ ਹਿੰਦੂ ਸਮਾਜ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਹਿੰਦੂ ਸਮਾਜ ਦੇ ਦੇਵੀ-ਦੇਵਤਿਆਂ ਦੇ ਅਪਮਾਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੰਜਾਬ 'ਚ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦਾ ਗਠਜੋੜ ਲਗਾਤਾਰ ਪੰਜਾਬ 'ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪਵਨ ਗੁਪਤਾ ਨੇ ਕਿਹਾ ਕਿ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ, ਇਸ ਸਭ ਕਾਰਨ ਪੰਜਾਬ ਦੇ ਘੱਟ ਗਿਣਤੀ ਹਿੰਦੂ ਸਮਾਜ ਅਤੇ ਆਮ ਪੰਜਾਬੀਆਂ ਅੰਦਰ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖਾਸ ਕਰਕੇ ਪੰਜਾਬ ਵਿੱਚ ਜਿਨ੍ਹਾਂ ਸਿਆਸਤਦਾਨਾਂ ਜਾਂ ਕਾਰੋਬਾਰੀਆਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਦੀ ਸੁਰੱਖਿਆ ਦੀ ਮੌਜ਼ੂਦਗੀ ਵਿੱਚ ਕਤਲ ਹੋ ਰਹੇ ਹਨ।
ਇਨ੍ਹਾਂ ਸਾਰੇ ਮੁੱਦਿਆਂ ਨੂੰ ਮੁੱਖ ਰੱਖਦਿਆਂ ਅਤੇ ਪੰਜਾਬ ਵਿੱਚ ਹਿੰਦੂ ਸਮਾਜ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਸ਼ਿਵ ਸੈਨਾ ਹਿੰਦੁਸਤਾਨ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਦੇਸ਼ ਦੇ ਹੱਕ ਵਿੱਚ ਲੜ ਰਹੇ ਘੱਟ ਗਿਣਤੀ ਹਿੰਦੂ ਸਮਾਜ ਨੂੰ ਇੱਕਜੁੱਟ ਕਰਨ ਲਈ ਦਸੰਬਰ 2022 ਤੋਂ ਜਨਵਰੀ 2023 ਦੇ ਪਹਿਲੇ ਹਫ਼ਤੇ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਮੂਹ ਹਿੰਦੂ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਂਤਮਈ ਢੰਗ ਨਾਲ ਹਿੰਦੂ ਏਕਤਾ ਕਾਨਫਰੰਸ ਦੇ ਨਾਂ ’ਤੇ ਸਮਾਗਮ ਕਰੇਗੀ ਤਾਂ ਜੋ ਪੰਜਾਬ ਵਿੱਚ ਘੱਟ ਗਿਣਤੀ ਹਿੰਦੂ ਸਮਾਜ ਦਾ ਮਨੋਬਲ ਉੱਚਾ ਕੀਤਾ ਜਾ ਸਕੇ ਅਤੇ ਅਮਨ-ਕਾਨੂੰਨ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਜਾ ਸਕੇ ਅਤੇ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸਮੂਹ ਹਿੰਦੂ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਸਕਣ।
ਪ੍ਰੈੱਸ ਬਿਆਨ ਰਾਹੀਂ ਪਵਨ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਸਾਰੀਆਂ ਹਿੰਦੂ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਲਿਆ ਕੇ ਪੰਜਾਬ ਵਿੱਚ ਵੱਖਵਾਦੀ ਤਾਕਤਾਂ ਵਿਰੁੱਧ ਜ਼ੋਰਦਾਰ ਢੰਗ ਨਾਲ ਲੜਨ ਦੀ ਕੋਸ਼ਿਸ਼ ਕਰੇਗੀ।ਖਾਸ ਤੌਰ ’ਤੇ ਪੰਜਾਬ ਵਿੱਚ ਦਹਿਸ਼ਤਗਰਦੀ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਵਾਲੇ ਪੰਜਾਬ ਪੁਲਿਸ ਦੇ ਜਿਹੜੇ ਅਫਸਰਾਂ ਅਤੇ ਜਵਾਨਾਂ ਨੂੰ ਕਿਸੇ ਨਾ ਕਿਸੇ ਸਾਜਿਸ਼ ਤਹਿਤ ਜੇਲਾਂ 'ਚ ਬੰਦ ਕੀਤਾ ਗਿਆ ਹੈ ਉਹਨਾਂ ਬਹਾਦੁਰ ਪੁਲਸ ਵਾਲਿਆਂ ਦੀ ਰਿਹਾਈ ਲਈ ਪੰਜਾਬ ਸਰਕਾਰ 'ਤੇ ਕਾਨੂੰਨੀ ਤੌਰ 'ਤੇ ਦਬਾਅ ਪਾਇਆ ਜਾਏਗਾ, ਤਾਂ ਜੋ ਉਹ ਮੁੜ ਤੋਂ ਬਹਾਦਰੀ ਨਾਲ ਅਤੇ ਉੱਚ ਮਨੋਬਲ ਨਾਲ ਖਾਲਿਸਤਾਨੀ ਅੱਤਵਾਦ ਅਤੇ ਨਿਰਦੋਸ਼ ਹਿੰਦੂਆਂ ਅਤੇ ਪੰਜਾਬੀਆਂ ਨੂੰ ਮਾਰਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰ ਸਕਣ। ਉਨ੍ਹਾਂ ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੰਜਾਬ ਭਰ ਵਿੱਚ ਕਰਵਾਏ ਜਾ ਰਹੇ ਹਿੰਦੂ ਏਕਤਾ ਸੰਮੇਲਨ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਦੱਸਿਆ ਕਿ14 ਦਸੰਬਰ 12:00 ਬਜੇ ਧਾਰੀਵਾਲ ਵਿਚ ਇੱਕ ਸੰਮੇਲਨ ਕਰਵਾਉਣ ਤੋਂ ਬਾਅਦ ਦੋ ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।