ਡਿਪਟੀ ਕਮਿਸ਼ਨਰ ਵਲੋਂ ਸ਼ਿਵ ਬਟਾਲਵੀ ਯਾਦਗਰੀ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
25 ਜਨਵਰੀ ਨੂੰ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਵਿਖੇ ਹੋਵੇਗਾ ਸ਼ਿਵ ਬਟਾਲਵੀ ਯਾਦਗਰੀ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ
ਰੋਹਿਤ ਗੁਪਤਾ
ਗੁਰਦਾਸਪੁਰ 23 ਜਨਵਰੀ 2023: ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅੱਜ 25 ਜਨਵਰੀ ਨੂੰ ਸ਼ਾਮ 4 ਵਜੇ ਤੋਂ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਵਿਖੇ ਕਰਵਾਏ ਜਾ ਰਹੇ ਸ਼ਿਵ ਬਟਾਲਵੀ ਯਾਦਗਰੀ ਪਹਿਲਾ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਸਮਾਗਮ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਣ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਵੀ ਮੋਜੂਦ ਸਨ।
ਵੈਬਕਸ ਆਨਲਾਈਨ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 25 ਜਨਵਰੀ ਨੂੰ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਬਟਾਲਾ ਵਿਖੇ ਕਰਵਾਏ ਜਾ ਰਹੇ ਸ਼ਿਵ ਬਟਾਲਵੀ ਯਾਦਗਰੀ ਪਹਿਲਾ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਹਰਭਜਨ ਸਿੰਘ, ਮਾਣਯੋਗ ਊਰਜਾ ਤੇ ਲੋਕ ਨਿਰਮਾਮ ਵਿਭਾਗ ਪੰਜਾਬ ਸਰਕਾਰ ਸ਼ਿਰਕਤ ਕਰਨਗੇ ਅਤੇ ਵਿਸ਼ੇਸ ਮਹਿਮਾਨ ਵਜੋਂ ਵਿਧਾਨ ਸਭਾ ਹਲਕ ਬਟਾਲਾ ਦੇ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸ਼ਿਰਕਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਪਬਲਿਕ ਹੈਲਥ ਵਿਭਾਗ, ਪੀ ਡਬਲਿਊ.ਡੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਨਾਮਵਰ ਕਵੀਆਂ, ਵਿਦਿਆਰਥੀਆਂ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਚਾਹੁਣ ਵਾਲੇ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਪਹਿਲੇ ਜ਼ਿਲ੍ਹਾ ਪੱਧਰੀ ਕਵੀ ਸੰਮੇਲਨ ਵਿੱਚ ਜ਼ਿਲੇ ਦੇ ਨਾਮਵਰ ਕਵੀ, ਪੰਜਵੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ, ਅੱਠਵੀਂ ਜਮਾਤ ਤੋਂ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀ ਅਤੇ 12ਵੀਂ ਜਮਾਤ ਤੋਂ ਗਰੈਜੂਏਟ ਤੱਕ ਦੇ ਵਿਦਿਆਰਥੀ ਜਾਂ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਨਗਦ ਇਨਾਮ ਤੋਂ ਇਲਾਵਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸੱਭਿਆਚਾਰ ਤੇ ਕਲਾ ਨੂੰ ਪ੍ਰਫੁਲਤ ਕਰਨ ਦੇ ਮੰਤਵ ਨਾਲ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਲੜੀਵਾਰ ਸਮਾਗਮ ਕਰਵਾਏ ਜਾਣਗੇ, ਜਿਸ ਦੀ ਸ਼ਰੂਆਤ 25 ਜਨਵਰੀ ਨੂੰ ਕੀਤੀ ਜਾ ਰਹੀ ਹੈ।