ਮੁਹਾਲੀ ਵਿੱਚ 74ਵੇਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ
ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ 24 ਜਨਵਰੀ ਨੂੰ
*ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਝੰਡਾ ਲਹਿਰਾਉਣ ਦੀ ਰਸਮ ਕਰਨਗੇ ਅਦਾ*
*ਡਿਪਟੀ ਕਮਿਸ਼ਨਰ ਵੱਲੋਂ 26 ਜਨਵਰੀ ਦੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ*
ਐਸ.ਏ.ਐਸ ਨਗਰ 23 ਜਨਵਰੀ 2023: ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਅੱਜ ਸ਼ਹੀਦ ਮੇਜ਼ਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਐਸ.ਏ.ਐਸ ਨਗਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਦੌਰਾਨ ਉਨਾਂ ਗਣਤੰਤਰ ਦਿਵਸ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਨਿਰਧਾਰਤ ਕੀਤੀਆਂ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਰਾਸ਼ਟਰੀ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਉਨਾਂ ਨੂੰ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਮਿਹਨਤ ਤੇ ਲਗਨ ਨਾਲ ਪੂਰਾ ਕਰਨਗੇ ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸ੍ਰੀ ਅਮਨ ਅਰੋੜਾ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਨਵੀਂ ਅਤੇ ਨਵਿਆਉਣਯੋਗ ਊਰਜਾ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨਾਂ ਦਸਿਆ ਕਿ ਇਹ ਗਣਤੰਤਰ ਦਿਵਸ ਦਾ ਸਮਾਗਮ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਫੇਜ਼-6, ਐਸ.ਏ.ਐਸ ਨਗਰ ਵਿਖੇ ਹੋਵੇਗਾ । ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ 24 ਜਨਵਰੀ ਨੂੰ ਸਮਾਗਮ ਵਾਲੇ ਥਾਂ ਤੇ ਕੀਤੀ ਜਾਵੇਗੀ।
ਉਨਾਂ ਦਸਿਆ ਕਿ ਸਮਾਗਮ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਹਿੱਸਾ ਲੈਣਗੇ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀਟੀ ਡਰਿੱਲ ਕੀਤੀ ਜਾਵੇਗੀ। ਸਤਲੁਜ ਪਬਲਿਕ ਸਕੂਲ ਡੇਰਾਬੱਸੀ ਦੇ ਵਿਦਿਆਰਥੀਆਂ ਵੱਲੋਂ ਫੈਨ ਡਰਿੱਲ ਪੇਸ਼ ਕੀਤੀ ਜਾਵੇਗੀ। ਸ਼ਿਵਾਲਿਕ ਸਕੂਲ, ਮੋਹਾਲੀ ਦੇ ਵਿਦਿਆਰਥੀ ਲੋਕ ਨਾਚ ਸਾਮੀ ਪੇਸ਼ ਕਰਨਗੇ। ਪ੍ਰੋਗਰਾਮ ਦੀ ਸਮਾਪਤੀ 'ਤੇ 3ਬੀ1 ਸਰਕਾਰੀ ਸਕੂਲ ਦੇ ਵਿਸ਼ੇਸ਼ ਬੱਚੇ ਰਾਸ਼ਟਰੀ ਗੀਤ ਪੇਸ਼ ਕਰਨਗੇ। ਇਸ ਮੌਕੇ ਜਨਤਕ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਰੈੱਡ ਕਰਾਸ ਸੁਸਾਇਟੀ ਮੁਹਾਲੀ ਵੱਲੋਂ ਸਿਲਾਈ ਮਸ਼ੀਨਾਂ, ਵ੍ਹੀਲ ਚੇਅਰਾਂ ਅਤੇ ਬਿਊਟੀ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ। ਝਾਕੀ ਵੱਖ-ਵੱਖ ਵਿਭਾਗਾਂ ਦੇ ਕੰਮ ਨੂੰ ਪ੍ਰਦਰਸ਼ਿਤ ਕਰੇਗੀ। ਬਾਜਰੇ ਦੇ ਪੌਸ਼ਟਿਕ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ੇਸ਼ ਬਾਜਰੇ ਦਾ ਸਟਾਲ ਵੀ ਲਗਾਇਆ ਜਾ ਰਿਹਾ ਹੈ।
ਇਸ ਦੌਰਾਨ ਉਨਾਂ ਸਟੇਜ ਦੀ ਸਜਾਵਟ, ਗਰਾਊਂਡ ਦੀ ਸਾਫ਼-ਸਫ਼ਾਈ, ਸੈਨੇਟਾਈਜ਼ੇਸ਼ਨ, ਪਰੇਡ, ਝਾਕੀਆਂ, ਸੁਰੱਖਿਆ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਸਵਾਗਤੀ ਗੇਟ, ਪਬਲਿਕ ਐਡਰੈੱਸ ਸਿਸਟਮ, ਰਿਕਵਰੀ ਵੈਨ, ਫਾਇਰ ਟੈਂਡਰ, ਚੌਕਾਂ ਦੀ ਸਜਾਵਟ, ਰਿਫਰੈਸ਼ਮੈਂਟ, ਬੈਰੀਕੇਡਿੰਗ,ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ ਕੈਮਰਿਆਂ ਦਾ ਪ੍ਰਬੰਧ ਕਰਨ , ਕੋਵਿਡ ਦੀਆਂ ਹਦਾਇਤਾ ਦਾ ਪਲਣ ਕਰਨ ਅਤੇ ਬੈਠਣ ਦੇ ਪ੍ਰਬੰਧਾਂ ਆਦਿ ਨੂੰ ਸੁਚੱਜੇ ਢੰਗ ਨਾਲ ਮਿੱਥੇ ਸਮੇਂ ਵਿੱਚ ਕਰਨ ਲਈ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ।
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ (ਜ) ਸ੍ਰੀ ਤਰਸੇਮ ਚੰਦ, ਸਹਾਇਕ ਕਮਿਸ਼ਨਰ (ਸ਼ਿ) ਸ੍ਰੀ ਇੰਦਰ ਪਾਲ, ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ, ਅਜਿੰਦਰ ਸਿੰਘ, ਐਸਪੀ ਹੈੱਡਕੁਆਰਟਰ ਤੋਂ ਇਲਾਵਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।