ਟਰਾਇਲ ਅਧੀਨ ਜੀਐੱਮ ਸਰੋੰ ਫੌਰੀ ਨਸ਼ਟ ਕਰੋ: ਕਿਰਤੀ ਕਿਸਾਨ ਯੂਨੀਅਨ
ਦਲਜੀਤ ਕੌਰ
ਚੰਡੀਗੜ੍ਹ, 23 ਜਨਵਰੀ, 2023: ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਟਰਾਇਲ ਵੱਜੋ ਬੀਜੀ ਜੀਐਮ ਸਰੋ ਦੀ ਫਸਲ ਨੂੰ ਫੌਰੀ ਨਸ਼ਟ ਕਰਨ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਜਿੰਮੇਵਾਰ ਅਧਿਕਾਰੀਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕੇ ਖੇਤੀ ਸੂਬਿਆਂ ਦਾ ਅਧਿਕਾਰ ਖੇਤਰ ਹੈ ਤੇ ਜੀਐਮ ਸਰੋਂ ਨੂੰ ਪੰਜਾਬ ਸਰਕਾਰ ਨੇ ਅਜੇ ਮਨਜ਼ੂਰੀ ਨਹੀ ਦਿੱਤੀ, ਫਿਰ ਖੇਤੀਬਾੜੀ ਯੂਨੀਵਰਸਿਟੀ ਕਿਸ ਅਧਿਕਾਰ ਤਹਿਤ ਵਿਵਾਦਤ ਫ਼ਸਲ ਦਾ ਟਰਾਇਲ ਕਰ ਰਹੀ ਹੈ?
ਕਿਸਾਨ ਆਗੂਆਂ ਕਿਹਾ ਕੇ ਜੀਐੱਮ ਬੀਜ ਸਿਹਤ, ਵਾਤਾਵਰਣ ਲਈ ਖਤਰਨਾਕ ਸਾਬਿਤ ਹੋ ਚੁੱਕੇ ਹਨ। ਦੁਨੀਆਂ ਦੇ ਕਈ ਮੁਲਕਾਂ ਇਹ ਬੀਜ ਤਿਆਰ ਕਰਨ ਵਾਲੀਆਂ ਕੰਪਨੀਆਂ ਖਿਲਾਫ਼ ਅਦਾਲਤਾਂ ਚ ਮੁਕੱਦਮੇ ਚਲ ਰਹੇ ਹਨ।ਜੀਐੱਮ ਬੀਜਾਂ ਦੀ ਸਫਲਤਾ ਦੇ ਦਾਅਵਿਆਂ ਦੀ ਫੂਕ ਬੀਟੀ ਨਰਮੇ ਚ ਵੀ ਨਿਕਲ ਚੁੱਕੀ ਹੈ। ਬੀਟੀ ਜੀਐੱਮ ਬੀਜ ਹੈ ਤੇ ਇਸ ਨਾਲ ਕੀਟਨਾਸ਼ਕ ਤੋ ਖਹਿੜਾ ਛੁੱਟਣ ਦਾ ਦਾਅਵਾ ਸੀ।ਪਰ ਕੁੱਲ ਖੇਤੀ ਰਕਬੇ ਚ 5 ਫੀਸਦੀ ਨਰਮੇ ਦੀ ਖੇਤੀ ਤੇ 58 ਫੀਸਦੀ ਕੀਟਨਾਸ਼ਕ ਵਰਤੇ ਜਾ ਰਹੇ ਹਨ। ਬੀਟੀ ਵਾਲੇ ਖੇਤਾਂ ਚਰਨ ਵਾਲੀਆਂ ਭੇਡਾਂ ਦੀ ਮੌਤਾਂ ਹੋਈਆਂ, ਮਧੂ ਮੱਖੀਆਂ ਦੀ ਗਿਣਤੀ ਘਟੀ ਤੇ ਇਹਨਾਂ ਖੇਤਾਂ ਚ ਕੰਮ ਕਰਨ ਵਾਲੇ ਮਜਦੂਰ ਅਲਰਜੀ ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੋਏ ਤੇ ਕੈਂਸਰ ਟਰੇਨ ਵੀ ਨਰਮਾ ਪੱਟੀ ਚੋਂ ਜਾ ਰਹੀ ਹੈ।
ਕਿਸਾਨ ਆਗੂਆਂ ਕਿਹਾ ਕੇ ਬੀਟੀ ਨਰਮੇ ਦਾ ਖੇਤਰ ਸੀਮਤ ਹੈ, ਪਰ ਸਰੋਂ ਦੀ ਖੇਤੀ ਸਾਰੇ ਪੰਜਾਬ 'ਚ ਹੁੰਦੀ ਹੈ। ਸਾਰੇ ਪੰਜਾਬੀ ਸਰੋਂ ਦਾ ਸਾਗ ਖਾਂਦੇ ਹਨ, ਰਸੋਈ 'ਚ ਸਰੋਂ ਦਾ ਤੇਲ ਵਰਤਿਆ ਜਾਂਦਾ ਹੈ ਤੇ ਸਰੋਂ ਦੀ ਖਲ ਵੀ ਪਸ਼ੂਆਂ ਨੂੰ ਪਾਈ ਜਾਂਦੀ ਹੈ। ਇਸ ਕਰਕੇ ਜੀਐੱਮ ਸਰੋਂ ਪੂਰੇ ਪੰਜਾਬ ਨੂੰ ਭਿਆਨਕ ਸਿਹਤ ਤੇ ਵਾਤਾਵਰਣ ਸੰਕਟ 'ਚ ਪਾਵੇਗੀ, ਜਦਕਿ ਸਿਹਤ ਤੇ ਵਾਤਾਵਰਣ ਦੀ ਸਥਿਤੀ ਪਹਿਲਾਂ ਹੀ ਖਰਾਬ ਹੈ।ਉਹਨਾਂ ਕਿਹਾ ਕੇ ਮਾਮਲਾ ਜੀਐੱਮ ਸਰੋਂ ਤੱਕ ਨਹੀ ਰੁਕੇਗਾ ਇਸ ਤੋਂ ਬਾਅਦ ਸਾਰੀਆਂ ਫਸਲਾਂ ਹੀ ਫਿਰ ਜੀਐੱਮ ਆਉਣਗੀਆਂ, ਜਿਸ ਨਾਲ ਬੀਜ ਮੁਕੰਮਲ ਤੌਰ ਤੇ ਕਾਰਪੋਰੇਟ ਦੇ ਕੰਟਰੋਲ 'ਚ ਹੋ ਜਾਵੇਗਾ ਤੇ ਸਾਡੇ ਦੇਸੀ ਬੀਜ ਮੁਕੰਮਲ ਖਤਮ ਹੋ ਜਾਣਗੇ।
ਉਹਨਾਂ ਕਿਹਾ ਜੀਐੱਮ ਬੀਜਾਂ ਨੂੰ ਦੂਜੇ ਹਰੇ ਇਨਕਲਾਬ ਦੇ ਨਾਮ ਤੇ ਪਰੋਸਿਆ ਜਾ ਰਿਹਾ, ਜਦਕਿ ਪਹਿਲਾ ਹਰਾ ਇਨਕਲਾਬ ਤਬਾਹੀ ਦਾ ਕਰਨ ਬਣਿਆ, ਦੂਜਾ ਉਸ ਤੋਂ ਵੀ ਖਤਰਨਾਕ ਹੈ।
ਕਿਸਾਨ ਆਗੂਆਂ ਕਿਹਾ ਪੰਜਾਬ ਸਰਕਾਰ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਪਰਚਾ ਦਰਜ ਕਰਕੇ ਤੇ ਟਰਾਇਲ ਅਧੀਨ ਫਸਲ ਨੂੰ ਨਸ਼ਟ ਕਰਕੇ ਸਾਫ ਕਰੇ ਕੇ ਆਪਣੀ ਸਥਿਤੀ ਸਪੱਸ਼ਟ ਕਰੇ ਕੀ ਉਹ ਸਿਹਤ ਤੇ ਖੇਤੀ ਜੋ ਸੂਬਿਆਂ ਦਾ ਅਧਿਕਾਰ ਹੈ, ਉਸਨੂੰ ਬਚਾਉਣਾ ਚਾਹੁੰਦੀ ਹੈ?ਆਗੂਆਂ ਕਿਹਾ ਕੇ ਜੇਕਰ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਕਿਰਤੀ ਕਿਸਾਨ ਯੂਨੀਅਨ ਜਲਦੀ ਹੀ ਇਸ ਤੇ ਸੰਘਰਸ਼ ਕਰੇਗੀ।