ਗੁੱਡ ਮੋਰਨਿੰਗ ਕਲੱਬ ਵੱਲੋਂ ਚਾਈਨਾ ਡੋਰ ਦੀ ਖਰੀਦ-ਵੇਚ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ
ਕਲੱਬ ਨੇ ਉਪ ਮੰਡਲ ਮੈਜਿਸਟ੍ਰੇਟ ਅਤੇ ਡੀਐਸਪੀ ਵੱਖੋ-ਵੱਖਰੇ ਤੌਰ ’ਤੇ ਸੋਂਪੇ ਮੰਗ ਪੱਤਰ
ਦੀਪਕ ਗਰਗ
ਕੋਟਕਪੂਰਾ, 23 ਜਨਵਰੀ 2023: ਭਾਂਵੇ ਪਿਛਲੇ ਕਾਫੀ ਅਰਸੇ ਤੋਂ ਸਮੇਂ ਦੀਆਂ ਸਰਕਾਰਾਂ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤਣ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਪਾਬੰਦੀਆਂ ਜਾਰੀ ਕਰਕੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਜਾਰੀ ਹੈ ਤੇ ਚਾਈਨਾ ਡੋਰ ਮਨੁੱਖਾਂ ਅਤੇ ਪਸ਼ੂ ਪੰਛੀਆ ਲਈ ਜਾਨਲੇਵਾ ਸਿੱਧ ਹੋ ਰਹੀ ਹੈ। ਇਸ ਵਰਤਾਰੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅੱਜ ਗੁੱਡ ਮੋਰਨਿੰਗ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੋਰੀਆ ਦੀ ਅਗਵਾਈ ਹੇਠ ਕਲੱਬ ਦੇ ਵਫਦ ਨੇ ਮੈਡਮ ਵੀਰਪਾਲ ਕੌਰ ਉਪ ਮੰਡਲ ਮੈਜਿਸਟ੍ਰੇਟ ਅਤੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐਸਪੀ ਕੋਟਕਪੂਰਾ ਨਾਲ ਵੱਖੋ-ਵੱਖਰੇ ਤੌਰ ’ਤੇ ਮੀਟਿੰਗਾਂ ਕਰਨ ਉਪਰੰਤ ਉਨਾਂ ਨੂੰ ਮੰਗ ਪੱਤਰ ਵੀ ਸੋਂਪੇ। ਆਪਣੇ ਸੰਬੋਧਨ ਦੌਰਾਨ ਡਾ. ਢਿੱਲੋਂ ਅਤੇ ਪੱਪੂ ਲਹੋਰੀਆ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਰਤੋ ਦੇ ਆਏ ਦਿਨ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨਾਲ ਪੰਛੀ ਤੇ ਮਨੁੱਖ ਜਾਤੀ ਗੰਭੀਰ ਸਿੱਟੇ ਭੁਗਤ ਰਹੀ ਹੈ। ਹਰ ਸਾਲ ਬਸੰਤ ਪੰਚਮੀ ਨੂੰ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਚਰਮ ਸੀਮਾ ’ਤੇ ਪਹੁੰਚ ਜਾਂਦੀ ਹੈ, ਇਸ ਲਈ ਬਸੰਤ ਪੰਚਮੀਂ ਵਾਲੇ ਦਿਨ ਅਰਥਾਤ 26 ਜਨਵਰੀ ਨੂੰ ਚਾਈਨਾ ਡੋਰ ਦੀ ਖਰੀਦ ਵੇਚ ਕਰਨ ਵਾਲੇ ਦੁਕਾਨਦਾਰਾਂ ਅਤੇ ਖਰੀਦਦਾਰਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ। ਉਨਾਂ ਦਾਅਵਾ ਕੀਤਾ ਕਿ ਜਦੋਂ ਤੱਕ ਆਮ ਲੋਕ ਇਸ ਵਿਰੁੱਧ ਮੁਹਿੰਮ ਨਹੀਂ ਵਿੱਢਦੇ ਅਤੇ ਪ੍ਰਸ਼ਾਸ਼ਨ ਸਖਤੀ ਨਹੀਂ ਕਰਦਾ ਉਦੋਂ ਤੱਕ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਉਣਗੇ। ਰਜਿੰਦਰ ਸਿੰਘ ਸਰਾਂ ਅਤੇ ਪ੍ਰੋ ਐਚ ਐਸ ਪਦਮ ਨੇ ਦੱਸਿਆ ਕਿ ਇਹ ਡੋਰ ਟੁੱਟ ਕੇ ਦਰੱਖਤਾਂ ’ਚ ਫਸ ਜਾਂਦੀ ਹੈ, ਜਿਸ ਕਾਰਨ ਪੰਛੀ ਇਸ ਡੋਰ ’ਚ ਫਸ ਕੇ ਜਖਮੀ ਹੋ ਜਾਂਦੇ ਹਨ। ਗੁਰਦੀਪ ਸਿੰਘ ਮੈਨੇਜਰ ਅਤੇ ਮਨਤਾਰ ਸਿੰਘ ਮੱਕੜ ਨੇ ਆਖਿਆ ਕਿ ਭਾਵੇਂ ਚਾਈਨਾ ਡੋਰ ਦੀ ਰੋਕਥਾਮ ਲਈ ਸ਼ੋਸ਼ਲ ਮੀਡੀਆ ਅਤੇ ਪਿੰ੍ਰਟ ਮੀਡੀਆ ’ਤੇ ਕਾਫੀ ਹੋ ਹੱਲਾ ਹੋ ਰਿਹਾ ਹੈ ਪਰ ਫਿਰ ਵੀ ਇਸ ਡੋਰ ਦੀ ਵਰਤੋ ਸ਼ਰੇਆਮ ਕੀਤੀ ਜਾ ਰਹੀ ਹੈ। ਇੰਜ. ਇੰਦਰਜੀਤ ਸਿੰਘ ਨਿਆਮੀਵਾਲਾ, ਲਕਸ਼ਮਣ ਦਾਸ ਮਹਿਰਾ, ਜਸਕਰਨ ਸਿੰਘ ਭੱਟੀ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਾਅਵਾ ਕੀਤਾ ਕਿ ਚਾਈਨਾ ਡੋਰ ਦੀ ਲਪੇਟ ’ਚ ਆ ਕੇ ਕਈ ਨੌਜਵਾਨ ਤੇ ਬੱਚੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਅਤੇ ਕਈ ਹਸਪਤਾਲਾਂ ’ਚ ਡੁੰਘੇ ਜਾਨਲੇਵਾ ਜਖਮ ਲੈ ਕੇ ਸਹਿਕ ਰਹੇ ਹਨ। ਮਾਣਯੋਗ ਐਸਡੀਐਮ ਅਤੇ ਡੀਐਸਪੀ ਨੇ ਚਾਈਨਾ ਡੋਰ ਦੀ ਰੋਕਥਾਮ ਲਈ ਕਲੱਬ ਦੇ ਸਹਿਯੋਗ ਦੀ ਮੰਗ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਇਸ ਵਾਰ ਬਸੰਤ ਪੰਚਮੀਂ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਦੀ ਕਿਸੇ ਵੀ ਦੁਕਾਨਦਾਰ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੈਪਟਨ ਰੂਪ ਚੰਦ, ਗੁਰਮੀਤ ਸਿੰਘ ਮੀਤਾ, ਬਿੱਟੂ ਧੀਂਗੜਾ, ਪਰਮਜੀਤ ਸਿੰਘ ਮੱਕੜ ਆਦਿ ਵੀ ਹਾਜਰ ਸਨ।