ਸਰਕਾਰੀ ਸੀਨੀ. ਸੈਕੰ. ਸਕੂਲ ਝੱਖੜਵਾਲਾ ਦੇ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ
ਸਿਆਸਤਦਾਨ ਦੇਸ਼ ਭਗਤਾਂ ਦੇ ਨਾਮ ਉਪਰ ਸਿਆਸੀ ਰੋਟੀਆਂ ਨਾ ਸੇਕਣ : ਕੌਸ਼ਲ
ਦੀਪਕ ਗਰਗ
ਕੋਟਕਪੂਰਾ, 23 ਦਸੰਬਰ 2023: ਨੇੜਲੇ ਪਿੰਡ ਝੱਖੜਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹੁਸ਼ਿਆਰ ਬੱਚਿਆਂ ਦੇ ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਰੱਖੇ ਸਨਮਾਨ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਸੇਵਾਮੁਕਤ ਵੀਡੀਓ ਜਸਵਿੰਦਰ ਸਿੰਘ ਬਰਾੜ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ । ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਪ੍ਰਧਾਨ ਮਾ. ਅਸ਼ੋਕ ਕੌਸ਼ਲ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਆਜਾਦੀ ਦੇ ਪ੍ਰਵਾਨਿਆਂ ਦੇ ਆਜਾਦੀ ਲਈ ਪਾਏ ਯੋਗਦਾਨ ਸਮੇਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਕੁਰਬਾਨੀ, ਸੰਘਰਸ਼ ਅਤੇ ਆਜਾਦੀ ਲਈ ਪਾਏ ਯੋਗਦਾਨ ਦੀਆਂ ਅਨੇਕਾਂ ਉਦਾਹਰਨਾਂ ਦਿੰਦਿਆਂ ਦਾਅਵਾ ਕੀਤਾ ਕਿ ਵਰਤਮਾਨ ਸਿਆਸਤਦਾਨ ਦੇਸ਼ ਭਗਤਾਂ ਦੇ ਨਾਮ ਉਪਰ ਸਿਆਸੀ ਰੋਟੀਆਂ ਸੇਕਣ ਲਈ ਤਾਂ ਤਤਪਰ ਰਹਿੰਦੇ ਹਨ ਪਰ ਦੇਸ਼ ਭਗਤਾਂ ਦੀ ਸੋਚ ਅਪਨਾਉਣ ਲਈ ਤਿਆਰ ਨਹੀਂ। ਉਪਰੰਤ ਮਾ ਸੋਮਨਾਥ ਅਰੋੜਾ ਸਮੇਤ ਇਕਬਾਲ ਸਿੰਘ ਮੰਘੇੜਾ, ਮਨਦੀਪ ਸਿੰਘ ਮਿੰਟੂ ਗਿੱਲ, ਬਿੱਟੂ ਧੀਂਗੜਾ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਅੱਜ ਸਮਾਜਿਕ ਕੁਰੀਤੀਆਂ ਸਾਡੇ ’ਤੇ ਭਾਰੂ ਹੋ ਰਹੀਆਂ ਹਨ ਤੇ ਸ਼ੋਸ਼ਲ ਮੀਡੀਏ ਜਾਂ ਪੱਛਮੀ ਕਲਚਰ ਦੇ ਪ੍ਰਭਾਵ ਹੇਠ ਸਾਡੇ ਨੌਜਵਾਨ ਤੇ ਬੱਚੇ ਨੈਤਿਕਤਾ ਭੁਲਾ ਕੇ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਫਿਕਰਮੰਦੀ ਵਾਲਾ ਪਹਿਲੂ ਅਤੇ ਚਿੰਤਾਜਨਕ ਰੁਝਾਨ ਹੈ। ਉਹਨਾਂ ਆਖਿਆ ਕਿ ਜਿੰਦਗੀ ਵਿੱਚ ਸਫਲ ਹੋਣ ਲਈ ਸਾਨੂੰ ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ ਅਤੇ ਹਾਂਪੱਖੀ ਨਜਰੀਆ ਵਰਗੇ ਨੁਕਤਿਆਂ ਨੂੰ ਆਪਣੇ ਜੀਵਨ ’ਤੇ ਲਾਗੂ ਕਰਨਾ ਪਵੇਗਾ। ਸਕੂਲ ਮੁਖੀ ਜਸਵਿੰਦਰ ਸਿੰਘ ਨੇ ਸੁਸਾਇਟੀ ਨੂੰ ਪੇਸ਼ਕਸ਼ ਕੀਤੀ ਕਿ ਉਹ ਭਵਿੱਖ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਸਕੂਲ ਵਿੱਚ ਅਜਿਹੇ ਪੋ੍ਰਗਰਾਮ ਕਰਦੇ ਰਹਿਣ ਅਤੇ ਇਸ ਲਈ ਉਹਨਾ ਨੂੰ ਇਜਾਜਤ ਲੈਣ ਦੀ ਵੀ ਲੋੜ ਨਹੀਂ। ਉਨਾਂ ਦਾਅਵਾ ਕੀਤਾ ਕਿ ਬੁਲਾਰਿਆਂ ਦੀਆਂ ਤਕਰੀਰਾਂ ਦਾ ਪ੍ਰਭਾਵ ਬੱਚਿਆਂ ਉੱਪਰ ਤਾਂ ਪਵੇਗਾ, ਬਲਕਿ ਅਧਿਆਪਕਾਂ ਨੂੰ ਵੀ ਉਕਤ ਪ੍ਰੇਰਨਾਮਈ ਤਕਰੀਰਾਂ ਨੇ ਟੁੰਭਿਆ ਹੈ। ਅੰਤ ’ਚ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਅਤੇ ਸਕੂਲ ਮੁਖੀ ਸਮੇਤ ਸਮੂਹ ਸਟਾਫ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।