ਵਾਹਨ ਚਲਾਉਣ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ: ਐਸ.ਡੀ.ਐਮ
ਐਸ.ਡੀ.ਐਮ ਵੱਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 07 ਚਲਾਨ ਕੱਟੇ ਅਤੇ ਕਰੀਬ 13 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ
ਸੜਕਾਂ ਤੇ ਲੱਗੇ ਸਾਈਨ ਬੋਰਡ ਬਾਰੇ ਹਰ ਵਾਹਨ ਚਾਲਕ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ : ਕਰਨਦੀਪ ਸਿੰਘ
ਭਵਿੱਖ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 23 ਜਨਵਰੀ 2023: ਉਪ ਮੰਡਲ ਮੈਜਿਸਟ੍ਰੇਟ ਮਾਲੇਰਕੋਟਲਾ ਸ੍ਰੀ ਕਰਨਦੀਪ ਸਿੰਘ ਨੇ ਅੱਜ ਮਾਲੇਰਕੋਟਲਾ-ਲੁਧਿਆਣਾ ਬਾਈਪਾਸ ਵਿਖੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 07 ਚਲਾਨ ਕੱਟੇ ਅਤੇ ਕਰੀਬ 13 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ। ਜ਼ਿਆਦਾਤਰ ਚਲਾਨ ਓਵਰ ਸਪੀਡ, ਸੀਟ ਬੈਲਟ,ਹੈਲਮਟ, ਵਾਹਨ ਦੇ ਦਸਤਾਵੇਜ਼ ਨਾ ਹੋਣ ਦੇ ਕੱਟੇ ਗਏ ।
ਇਸ ਮੌਕੇ ਗੈਰ ਰਸਮੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਤਹਿਤ ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਆਪਣੇ ਸੁਭਾਅ ਵਿੱਚ ਸ਼ਾਮਲ ਕਰ ਸਕਣ । ਵਾਹਨ ਚਲਾਉਣ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜ਼ਰੂਰ ਪਹਿਨਿਆਂ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਵਾਹਨਾਂ ਦੀ ਲਾਈਟ ਤੇ ਇੰਡੀਕੇਟਰ ਚੈੱਕ ਕੀਤੇ ਜਾਣ, ਰਾਤ ਸਮੇਂ ਡਿੱਪਰ ਦੀ ਵਰਤੋਂ ਕੀਤੀ ਜਾਵੇ। ਸੜਕਾਂ ਤੇ ਲੱਗੇ ਸਾਈਨ ਬੋਰਡ ਬਾਰੇ ਹਰ ਵਾਹਨ ਚਾਲਕ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਵਾਹਨ ਓਵਰ ਟੇਕ ਕਰਨ ਸਮੇਂ ਨਿਯਮਾਂ ਦਾ ਪਾਲਣ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨੀ ਸਾਡੇ ਅਤੇ ਸਾਡੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰਕ ਮੈਂਬਰ ਹਮੇਸ਼ਾ ਘਰ ਦੇ ਵਿੱਚ ਇੰਤਜ਼ਾਰ ਕਰ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਵਾਜਾਈ ਨਿਯਮਾਂ ਦਾ ਪਾਲਣ ਕਰਨ ਨਾਲ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ ਅਤੇ ਲੋਕ
ਅਪਾਹਜ ਹੋਣੋਂ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਵਿਚ ਇਸ ਪ੍ਰਤੀ ਹੋਰ ਵੀ ਸਾਵਧਾਨੀ ਵਰਤਣ ਦੀ ਲੋੜ ਹੈ।
ਉਨ੍ਹਾਂ ਵਾਹਨ ਚਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਵਾਹਨਾਂ ਤੇ ਰਿਫ਼ਲੈਕਟਰ ਜ਼ਰੂਰ ਲਗਾਉਣ ਤਾਂ ਜੋ ਧੁੰਦ/ ਰਾਤ ਦੇ ਸਮੇਂ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਾਰੇ ਮਾਪਦੰਡ ਅਪਣਾਉਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ।