ਸਰਕਾਰੀ ਪੈਸੇ ਦੇ ਗਬਨ ਦੇ ਦੋਸ਼ ’ਚ ਸਾਬਕਾ ਮਹਿਲਾ ਸਰਪੰਚ ਤੇ ਪੰਚਾਇਤ ਸਕੱਤਰ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ
ਰਵਿੰਦਰ ਸਿੰਘ ਢਿੱਲੋਂ
ਖੰਨਾ, 25 ਜਨਵਰੀ, 2023: ਖੰਨਾ ਦੀ ਇੱਕ ਅਦਾਲਤ ਨੇ ਸਰਕਾਰੀ ਪੈਸੇ ਦਾ ਗਬਨ ਕਰਨ ਦੇ ਦੋਸ਼ ਹੇਠ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਸਕੱਤਰ ਨੂੰ ਕਠੋਰ ਸਜ਼ਾ ਸੁਣਾਈ। ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਸਜ਼ਾ ਅਤੇ ਛੇ-ਛੇ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਹ ਸਜ਼ਾ ਪਿੰਡ ਰੋਹਣੋ ਖੁਰਦ ਦੀ ਸਾਬਕਾ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੂੰ ਸੁਣਾਈ ਗਈ। ਸੰਨ 2015 ਚ ਇਹਨਾਂ ਦੋਵਾਂ ਦੇ ਖਿਲਾਫ ਗਬਨ ਸਬੰਧੀ ਸਦਰ ਥਾਣਾ ਖੰਨਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਜਾਗਰ ਸਿੰਘ ਪੱਖ ਦੇ ਵਕੀਲ ਐਡਵੋਕੇਟ ਆਰ.ਕੇ ਰਿਖੀ ਨੇ ਦੱਸਿਆ ਕਿ ਰੋਹਣੋਂ ਖੁਰਦ ਵਿਖੇ ਸਾਬਕਾ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੇ ਆਪਸੀ ਮਿਲੀਭੁਗਤ ਨਾਲ ਪੰਚਾਇਤ ਦੇ ਸਰਕਾਰੀ ਪੈਸੇ ਦਾ ਗਬਨ ਕੀਤਾ ਸੀ। ਇਸ ਸਬੰਧੀ ਥਾਣਾ ਸਦਰ ਖੰਨਾ ਵਿਖੇ ਐਫ.ਆਈ.ਆਰ ਨੰਬਰ 188 ਮਿਤੀ 30 ਸਤੰਬਰ 2015 ਦਰਜ ਕੀਤੀ ਗਈ ਸੀ। ਜਿਸਦੀ ਅਗਲੇਰੀ ਪੜਤਾਲ ਉਪਰੰਤ ਪੁਲੀਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ। ਗਵਾਹੀ ਦੌਰਾਨ ਸਰਕਾਰ ਵੱਲੋਂ 13 ਗਵਾਹ ਅਦਾਲਤ ਵਿੱਚ ਪੇਸ਼ ਕੀਤੇ ਗਏ। ਮਾਣਯੋਗ ਅਦਾਲਤ ਨੇ ਆਪਣੇ ਫੈਸਲੇ ਦੌਰਾਨ ਲਿਖਿਆ ਹੈ ਕਿ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੇ ਆਪਸੀ ਮਿਲੀਭੁਗਤ ਨਾਲ ਮਨਰੇਗਾ ਅਤੇ ਪੰਚਾਇਤ ਦੇ ਰਿਕਾਰਡ ਵਿੱਚ ਅੰਗਰੇਜ ਸਿੰਘ, ਪਾਲ ਸਿੰਘ, ਅਜੈਬ ਸਿੰਘ, ਹਰਨੇਕ ਸਿੰਘ ਦੀਆਂ ਦਿਹਾੜੀਆਂ ਗਲਤ ਤਰੀਕੇ ਨਾਲ ਦਰਜ ਕਰਕੇ ਕਰੀਬ 22 ਹਜ਼ਾਰ ਰੁਪਏ ਦਾ ਗਬਨ ਕੀਤਾ। ਇਸਦੇ ਲਈ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਸਜ਼ਾ ਸੁਣਾਈ ਗਈ।