ਮੁਹੱਲਾ ਕਲੀਨਿਕ ਦੀ ਥਾਂ ਲੌਂਗੋਵਾਲ ਹਸਪਤਾਲ ਵਿੱਚ ਸਟਾਫ਼ ਪੂਰਾ ਕਰੇ 'ਆਪ' ਸਰਕਾਰ: ਕਿਰਤੀ ਕਿਸਾਨ ਯੂਨੀਅਨ
ਦਲਜੀਤ ਕੌਰ
ਭਵਾਨੀਗੜ੍ਹ, 25 ਜਨਵਰੀ 2023: ਜਿੱਥੇ ਪੰਜਾਬ ਸਰਕਾਰ ਬੜੇ ਜ਼ੋਰ-ਸ਼ੋਰ ਨਾਲ ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਇਸ਼ਤਿਹਾਰਬਾਜੀ ਕਰਕੇ ਮੁਹੱਲਾ ਕਲੀਨਿਕਾਂ ਦਾ ਪ੍ਰਚਾਰ ਕਰ ਰਹੀ ਹੈ ਉੱਥੇ ਸੂਬੇ ਵਿਚ ਪਹਿਲਾਂ ਬਣੇ ਹਸਪਤਾਲਾਂ ਦਾ ਬੁਰਾ ਹਾਲ ਹੈ। ਸਥਾਨਕ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਸਿਰਫ ਦੋ ਹੀ ਐਮ ਬੀ ਬੀ ਐੱਸ ਡਾਕਟਰ ਹਨ, ਜਿੰਨਾਂ 'ਚੋਂ ਇੱਕ ਦੀ ਡਿਊਟੀ ਮੁਹੱਲਾ ਕਲੀਨਿਕ ਵਿੱਚ ਲੱਗ ਜਾਣੀ ਹੈ, ਐਮਰਜੈਂਸੀ ਸੇਵਾਵਾਂ ਠੱਪ ਹਨ ਕੋਈ ਮੈਡੀਕਲ ਅਫਸਰ, ਕੋਈ ਸਪੈਸ਼ਲਿਸਟ ਨਹੀਂ ਹੈ ਤੇ ਨਾਂ ਹੀ ਕੋਈ ਗਾਇਨੀ ਦੇ ਡਾਕਟਰ ਹਨ, ਫਾਰਮੇਸੀ ਦੀ ਬਿਜਲੀ ਬੰਦ ਹੈ, ਚਾਰਦੀਵਾਰੀ ਟੁੱਟ ਚੁੱਕੀ ਹੈ ਤੇ ਹਸਪਤਾਲ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ।
ਅੱਜ ਜਦੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਆਪਣੇ ਵਧੇ ਹੋਏ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਹਸਪਤਾਲ ਗਏ ਤਾਂ ਉੱਥੇ ਸਥਿਤ ਡਾਕਟਰ ਨੇ ਕਿਹਾ ਕਿ ਤੁਸੀਂ ਕਿਸੇ ਸਪੈਸ਼ਲਿਸਟ ਡਾਕਟਰ ਕੋਲ ਸੰਗਰੂਰ ਜਾ ਕੇ ਇਲਾਜ ਕਰਵਾਉ ਅਤੇ ਨਾਲ ਹੀ ਲਿਪਿਡ ਪ੍ਰੋਫਾਈਲ ਨਾਂ ਦਾ ਟੈਸਟ ਲਿਖਿਆ। ਜਦੋਂ ਲੈਬ ਵਿਚ ਗਏ ਤਾਂ ਲੈਬ ਇੰਚਾਰਜ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ ਕਿ ਮਸ਼ੀਨਾਂ ਤਾਂ ਹਨ ਪਰ ਸਟਾਫ ਨਾ ਹੋਣ ਕਾਰਨ ਇਹ ਟੈਸਟ ਨਹੀਂ ਹੋ ਸਕਦਾ ਸੰਗਰੂਰ ਜਾਣਾ ਪਵੇਗਾ। ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਹਸਪਤਾਲ ਇਲਾਕੇ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਜਦ ਕਿ ਸਰਕਾਰਾਂ ਸ਼ੋਸ਼ੇਬਾਜ਼ੀ ਤੇ ਲੱਗੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕੀ ਲੌਂਗੋਵਾਲ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੀ ਸਹੂਲਤ ਲਈ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਗਿਆ ਸੀ ਜਿਸ ਦੀ ਕਰੋੜਾਂ ਦੀ ਬਿਲਡਿੰਗ ਹੈ ਅਤੇ ਉਸ ਸਮੇਂ ਲੋਕਾਂ ਨੇ ਜ਼ਮੀਨ ਦਾਨ ਵਿਚ ਦੇ ਕੇ ਇਸ ਹਸਪਤਾਲ ਨੂੰ ਖੜਾ ਕੀਤਾ। ਪਿਛਲੀਆਂ ਸਰਕਾਰਾਂ ਨੇ ਵੀ ਇਸ ਨੂੰ ਚਲਾਉਣ ਲਈ ਕੋਈ ਯਤਨ ਨਹੀਂ ਕੀਤੇ ਤੇ ਸਟਾਫ਼ ਨਹੀਂ ਭੇਜਿਆ। ਬਦਲਾਉ ਦੇ ਨਾਂ ਤੇ ਬਣੀ ਆਪ ਸਰਕਾਰ ਵੀ ਮੁਹੱਲਾ ਕਲੀਨਿਕਾਂ ਤੇ 10 ਕਰੋੜ ਖਰਚ ਕਰਕੇ ਉਸਦੇ ਪ੍ਰਚਾਰ ਲਈ ਇਸ਼ਤਿਹਾਰਾਂ ਤੇ 30 ਕਰੋੜ ਖਰਚ ਕਰ ਰਹੀ ਹੈ, ਇਸ ਫਜ਼ੂਲ ਖਰਚੀ ਦਾ ਇਤਰਾਜ਼ ਕਰਨ ਵਾਲੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਬਦਲੀ ਕਰ ਦਿੱਤੀ। ਇਸ ਸਮੇਂ ਸੂਬੇ ਦੇ ਸਿਵਲ ਹਸਪਤਾਲਾਂ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਪੇਂਡੂ ਡਿਸਪੈਂਸਰੀਆਂ ਵਿੱਚ ਸਟਾਫ਼ ਦੀ ਵੱਡੀ ਘਾਟ ਹੈ। ਪ੍ਰਾਇਮਰੀ ਹੈਲਥ ਸੈਂਟਰ ਲੌਂਗੋਵਾਲ ਇਸ ਦੀ ਉਮਦਾ ਉਦਾਹਰਣ ਹੈ ਇਥੇ ਐਕਸਰੇ ਮਸ਼ੀਨਾਂ, ਟੈਸਟ ਕਰਨ ਦੀਆਂ ਮਸ਼ੀਨਾਂ ਤਾਂ ਹਨ ਪਰ ਇਥੇ ਮਾਹਰ ਡਾਕਟਰਾਂ, ਰੇਡੀਓਗ੍ਰਾਫਰ, ਲੈਬ ਤਕਨੀਸ਼ੀਅਨਾਂ ਦੀ ਵੱਡੀ ਘਾਟ ਹੈ। ਅੱਜ ਵੱਡੀ ਗਿਣਤੀ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗ ਦੇ ਹਨ ਜਿਨ੍ਹਾਂ ਦੇ ਇਲਾਜ ਲਈ ਅਤੇ ਟੈਸਟ ਲਈ ਵੀ ਹਸਪਤਾਲ ਵਿੱਚ ਸਟਾਫ਼ ਨਹੀਂ ਹੈ। ਮੈਨੂੰ ਵੀਂ ਕੱਲ੍ਹ ਸੰਗਰੂਰ ਜਾ ਕੇ ਦਵਾਈ ਲੈਣੀ ਪਈ। ਜੋ ਸਾਡੇ ਇਲਾਕੇ ਦੇ ਗਰੀਬ ਲੋਕ ਹਨ ਜਿਨ੍ਹਾਂ ਕੋਲ ਮਹਿੰਗੇ ਡਾਕਟਰਾਂ ਕੋਲ ਜਾਣ ਦੀ ਸਮਰੱਥਾ ਨਹੀਂ ਹੈ ਉਨ੍ਹਾਂ ਦੇ ਇਲਾਜ ਦਾ ਰੱਬ ਹੀ ਰਾਖਾ ਹੈ। ਜੇ ਸਰਕਾਰ ਸ਼ੋਸ਼ੇਬਾਜ਼ੀ ਛੱਡ ਕੇ ਸੱਚਮੁੱਚ ਲੋਕਾਂ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਸਥਾਨਕ ਹਸਪਤਾਲ ਵਿਚ ਸਾਰੀਆਂ ਅਸਾਮੀਆਂ ਭਰੀਆਂ ਜਾਣ, ਮਾਹਰ ਡਾਕਟਰਾਂ ਅਤੇ ਲੈਬ ਤਕਨੀਸ਼ੀਅਨਾਂ ਦੀਆ ਪੋਸਟਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ਜੇ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।