ਲੇਡੀ ਕਾਂਸਟੇਬਲ ਨੂੰ ਸ਼ਰੇਆਮ ਮਾਰੀਆਂ ਗੋਲੀਆਂ ਸਿਪਾਹੀ ਨੇ, ਮਗਰੋਂ ਆਪਣੇ ਆਪ ਨੂੰ ਵੀ ਮਾਰੀ ਗੋਲੀ
ਫਿਰੋਜ਼ਪੁਰ, 29 ਜਨਵਰੀ, 2023: ਇਥੇ ਇਕ ਪੁਲਿਸ ਕਾਂਸਟੇਬਲ ਨੇ ਆਪਣੀ ਲੇਡੀ ਕਾਂਸਟੇਬਲ ਸਾਥੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਕਾਂਸਟੇਬਲ ਅਮਨਦੀਪ ਕੌਰ ਆਪਣੀ ਡਿਊਟੀ ਪੂਰੀ ਕਰਨ ਮਗਰੋਂ ਸਕੂਟਰੀ ’ਤੇ ਆਪਣੇ ਘਰ ਜਾ ਰਹੀ ਸੀ।
ਇਸੇ ਦੌਰਾਨ ਕਾਂਸਟੇਬਲ ਗੁਰਸੇਵਕ ਸਿੰਘ ਨੇ ਉਸਦੀ ਸਕੂਟਰੀ ਵਿਚ ਕਾਰ ਨਾਲ ਟੱਕਰ ਮਾਰੀ ਤੇ ਫਿਰ ਉਸਨੁੰ 5 ਗੋਲੀਆਂ ਮਾਰੀਆਂ ਤੇ ਇਸ ਮਗਰੋਂ ਗੁਰਸੇਵਕ ਸਿੰਘ ਨੇ ਤਲਵੰਡੀ ਚੌਂਕ ਵਿਚ ਜਾ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਤਲ ਕਰਨ ਦਾ ਕਾਰਣ ਕੀ ਹੈ।