ਸੰਨੀ ਦਿਓਲ ਦੀ ਚਿੱਠੀ 'ਤੇ ਰੇਲ ਮੰਤਰਾਲੇ ਨੇ ਪਨਿਆੜ ਸਟੇਸ਼ਨ ਬਣਾਉਣ ਦੀ ਸਮੀਖਿਆ ਕਰਨ ਦੇ ਦਿੱਤੇ ਨਿਰਦੇਸ਼
ਰੋਹਿਤ ਗੁਪਤਾ
ਗੁਰਦਾਸਪੁਰ , 29 ਜਨਵਰੀ 2023 : ਪਨਿਆੜ ਵਿਖੇ ਰੇਲਗੱਡੀ ਦੇ ਰੁਕਣ ਦੀ ਲੋਕਾਂ ਦੁਆਰਾ ਉਠਾਈ ਗਈ ਮੰਗ ਹੁਣ ਸਿਰੇ ਚੜ੍ਹਨ ਦੀ ਆਸ ਬਣ ਗਈ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਦਸੰਬਰ 2022 ਵਿੱਚ ਸਥਾਨਕ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੇਲ ਮੰਤਰਾਲੇ ਨੂੰ ਚਿੱਠੀ ਲਿਖ ਕੇ ਪਠਾਨਕੋਟ-ਅੰਮ੍ਰਿਤਸਰ ਰੇਲ ਮਾਰਗ ਤੇ ਸਥਿਤ ਪਨਿਆੜ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਦੇ ਰੁਕਣ ਦੀ ਬੇਨਤੀ ਕੀਤੀ ਸੀ। ਪਨਿਆੜ ਦੀਨਾਨਗਰ ਅਤੇ ਗੁਰਦਾਸਪੁਰ ਦੇ ਵਿਚਕਾਰ ਸਥਿਤ ਹੈ ਅਤੇ ਸਹਿਕਾਰੀ ਖੰਡ ਮਿੱਲ ਕਾਰਨ ਮਸ਼ਹੂਰ ਹੈ।
ਸੰਨੀ ਦਿਓਲ ਵੱਲੋਂ ਲਿਖੇ ਗਏ ਪੱਤਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਰੇਲ ਮੰਤਰਾਲੇ ਨੇ ਆਪਣੇ ਸਬੰਧਤ ਵਿਭਾਗ ਨੂੰ ਇਸ ਦੀ ਸਮੀਖਿਆ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।ਕੇਂਦਰੀ ਰੇਲ ਮੰਤਰੀ ਅਨਿਲ ਵੈਸ਼ਨਵ ਵੱਲੋਂ ਪੱਤਰ ਰਾਹੀਂ ਸੰਨੀ ਦਿਓਲ ਨੂੰ ਸੂਚਿਤ ਕੀਤਾ ਗਿਆ ਹੈ ਕਿ ਰੇਲ ਮੰਤਰਾਲੇ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਵਿਸਤਾਰ ਨਾਲ ਸਮੀਖਿਆ ਕਰਨ ਲਈ ਕਹਿ ਦਿੱਤਾ ਗਿਆ ਹੈ।