ਮੁਰਗਿਆਂ 'ਤੇ ਹੋਈ ਬਦਨੀਅਤ, ਦੱਬ ਲਏ 1000 ਚੂਚੇ; ਕੇਸ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ , 29 ਜਨਵਰੀ 2023 : ਉਪ ਕਪਤਾਨ ਪੁਲਿਸ ਸਥਾਨਿਕ ਗੁਰਦਾਸਪੁਰ ਦੀ ਤਫਤੀਸ਼ ਤੋਂ ਬਾਅਦ ਤਿੱਬੜ ਥਾਣੇ ਵਿੱਚ ਇਕ ਅਜੀਬੋ-ਗਰੀਬ ਮਾਮਲਾ ਰਜਿਸਟਰ ਕੀਤਾ ਗਿਆ ਹੈ। ਮਾਮਲੇ ਅਨੁਸਾਰ ਇੱਕ ਵਿਅਕਤੀ ਜੋ ਕਿਸੇ ਵਿਅਕਤੀ ਨੂੰ ਪਾਲਣ-ਪੋਸਣ ਲਈ ਚੂਚੇ ਦਿੰਦਾ ਸੀ ਅਤੇ ਦੂਜਾ ਵਿਅਕਤੀ ਉਨ੍ਹਾਂ ਨੂੰ ਪਾਲ ਪੋਸ ਕੇ ਮੁਰਗੇ ਬਣਾ ਕੇ ਵਾਪਸ ਕਰ ਦਿੰਦਾ ਸੀ ਬਦਲੇ ਵਿੱਚ ਉਸ ਨੂੰ ਆਪਣੀ ਕਮਿਸ਼ਨ ਮਿਲ ਜਾਂਦੀ ਸੀ ਪਰ ਚੂਚਿਆਂ ਨੂੰ ਪਾਲਣ ਵਾਲੇ ਵਿਅਕਤੀ ਦੀ ਨੀਅਤ ਖਰਾਬ ਹੋ ਗਈ ਅਤੇ ਉਸ ਨੇ ਲਗਭਗ ਢਾਈ ਲੱਖ ਰੁਪਏ ਦੀ ਕੀਮਤ ਦੇ ਚੂਚੇ ਪਾਲ ਪੋਸ ਤਾਂ ਲਏ ਪਰ ਵਾਪਸ ਨਹੀਂ ਕੀਤੇ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੌਰਵ ਅਰੌੜਾ ਪੁਤਰ ਕੁਲਜਸ ਰਾਏ ਅਰੋੜਾ ਵਾਸੀ ਲੋਹਾਰਕਾ ਰੋਡ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਲਖਵਿੰਦਰ ਸਿੰਘ ਪੁਤਰ ਬਹਾਦਰ ਸਿੰਘ ਵਾਸੀ ਪੰਧੇਰ ਥਾਣਾ ਤਿੱਬੜ ਆਪਸ ਵਿੱਚ ਪੋਲਟਰੀ ਫਾਰਮ ਦਾ ਵਪਾਰ ਕਰਦੇ ਸੀ। ਗੋਰਵ ਅਰੋੜਾ ਲਖਵਿੰਦਰ ਸਿੰਘ ਨੂੰ ਛੋਟੇ ਬੱਚੇ (ਚੂਚੇ) ਸਪਲਾਈ ਕਰਦਾ ਸੀ ਅਤੇ ਲਖਵਿੰਦਰ ਸਿੰਘ ਆਪਣੀ ਸ਼ੈਡ ਬਣਾ ਕੇ ਇੰਨਾਂ ਬੱਚਿਆ ਨੂੰ ਪਾਲਦਾ ਪੋਸਦਾ ਸੀ ਅਤੇ ਆਪਣੀ ਕਮਿਸ਼ਨ ਹਾਸਲ ਕਰਕੇ ਉਸ ਨੂੰ ਵਾਪਿਸ ਕਰਦਾ ਸੀ।
ਪਰ ਲਖਵਿੰਦਰ ਨੇ ਆਪਣੇ ਮਨ ਵਿੱਚ ਬਦ ਨੀਯਤ ਰੱਖ ਕੇ ਉਸ ਨੂੰ 1008 ਮੁਰਗੇ ਜਿਨਾਂ ਦੀ ਕੀਮਤ ਕਰੀਬ 2 ਲੱਖ 50 ਹਜਾਰ ਰੁਪਏ ਬਣਦੀ ਹੈ ਵਾਪਿਸ ਨਹੀ ਕੀਤੇ। ਤਿੱਬੜ ਥਾਣੇ ਦੇ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਉਪ ਪੁਲਿਸ ਕਪਤਾਨ ਦੀ ਤਫਤੀਸ਼ ਤੋਂ ਬਾਅਦ ਆਰੋਪੀ ਲਖਵਿੰਦਰ ਸਿੰਘ ਦੇ ਖਿਲਾਫ ਵਿਸ਼ਵਾਸ ਦਾ ਅਪਰਾਧਿਕ ਹਨਨ ਕਰਨ ਦੀ ਧਾਰਾ 406 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।