ਪਾਵਰ ਪਲਾਂਟ ਦੀ ਸੁਆਹ ਬੰਦ ਕਰਵਾਉਣ ਲਈ 21 ਫਰਵਰੀ ਨੂੰ ਧਰਨਾ ਲਾਉਣ ਦਾ ਐਲਾਨ
ਲੋਕ ਸੰਘਰਸ਼ ਮੰਚ ਦੀ ਮੀਟਿੰਗ ਵਿੱਚ ਲਿਆ ਫੈਸਲਾ-ਦੀਪ
12 ਫਰਵਰੀ ਨੂੰ ਮੀਟਿੰਗ ਕਰਕੇ ਲਿਆ ਜਾਵੇਗਾ ਤਿਆਰੀਆਂ ਦਾ ਜਾਇਜ਼ਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 29 ਜਨਵਰੀ 2023: ਕੋਜੈਨਰੇਸ਼ਨ ਪਾਵਰ ਪਲਾਂਟ ਨਵਾਸ਼ਹਿਰ ਦੀ ਸੁਆਹ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਨੇ 17 ਫਰਵਰੀ ਤੱਕ ਸੁਆਹ ਬੰਦ ਨਾ ਹੋਣ ਤੇ 21 ਫਰਵਰੀ ਨੂੰ ਚੰਡੀਗੜ ਚੌਂਕ ਨਵਾਂਸ਼ਹਿਰ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ।ਧਰਨਾ ਲਾਉਣ ਦਾ ਇਹ ਫੈਸਲਾ ਅੱਜ ਇੱਥੇ ਮੰਚ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।ਇਸ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੰਚ ਦੀ ਮੀਟਿੰਗ 12 ਫਰਵਰੀ ਨੂੰ ਗੁਰਦੁਆਰਾ ਮੰਜੀ ਸਾਹਿਬ ਨਵਾਸ਼ਹਿਰ ਵਿਖੇ 11ਵਜੇ ਬੁਲਾਈ ਗਈ ਹੈ।
ਇਸ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਹੈ ਕਿ ਜਿਲਾ ਪ੍ਰਸ਼ਾਸਨ ਵੱਲੋਂ 11 ਜਨਵਰੀ ਨੂੰ ਇਸ ਸਬੰਧੀ ਕੀਤੀ ਗਈ ਵੱਡੀ ਮੀਟਿੰਗ ਵਿਚ ਇਸ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਡਾਇਰੈਕਟਰ ਵਾਈ.ਐਸ.ਬੈਂਸ ਨੇ ਆਖਿਆ ਸੀ ਕਿ ਈ ਐਸ ਪੀ ਦੀ ਓਵਰਹਾਲਿੰਗ ਲਈ ਮਸ਼ੀਨਰੀ ਅਤੇ ਵੈੱਟ ਸਕਰਬਰ ਤਿਆਰ ਹੋਕੇ ਉਹਨਾਂ ਦੇ ਪਾਵਰ ਪਲਾਂਟ ਵਿਚ 30 ਜਨਵਰੀ ਤੱਕ ਪਹੁੰਚ ਜਾਣਗੇ ਜਿਸਨੂੰ ਦੋ ਦਿਨ ਵਿੱਚ ਫਿੱਟ ਕਰਕੇ ਸੁਆਹ ਦੀ ਸਮੱਸਿਆ ਹੱਲ ਹੋ ਜਾਵੇਗੀ ਪਰ 17 ਜਨਵਰੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਈ ਗਈ ਪਾਵਰ ਪਲਾਂਟ ਪ੍ਰਬੰਧਕਾਂ ਅਤੇ ਸਹਿਕਾਰੀ ਖੰਡ ਮਿੱਲ ਨਵਾਸ਼ਹਿਰ ਦੇ ਜੀ.ਐਮ ਮੀਟਿੰਗ ਕਰਨ ਉਪਰੰਤ ਪ੍ਰਸ਼ਾਸਨ ਨੇ 17 ਫਰਵਰੀ ਤੱਕ ਈ ਐਸ ਪੀ ਦੀ ਇੰਟਰਨਲ ਸਰਵਿਸ ਅਤੇ ਵੈੱਟ ਸਕਰਬਰ ਫਿਟ ਕਰ ਲਏ ਜਾਣ ਦੇ ਮੀਡੀਆ ਨੂੰ ਬਿਆਨ ਦਿੱਤੇ ।ਹੁਣ ਪਾਵਰ ਪਲਾਂਟ ਦੇ ਪ੍ਰਬੰਧਕ ਉਪਾਧਿਆਏ ਨੇ ਲੀਫਲੈੱਟ ਛਪਵਾ ਕੇ ਵੰਡੇ ਹਨ ਕਿ ਫਰਵਰੀ ਤੋਂ ਬਾਅਦ ਸੁਆਹ ਦੀ ਸਮੱਸਿਆ ਹੱਲ ਕਰ ਲਈ ਜਾਵੇਗੀ।ਪ੍ਰਸ਼ਾਸਨ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਅਜਿਹੀਆਂ ਆਪਹੁਦਰੀਆਂ ਕਰਨੋਂ ਰੋਕ ਕਿਉਂ ਨਹੀਂ ਰਿਹਾ?ਉਹਨਾਂ ਕਿਹਾ ਕਿ 17 ਜਨਵਰੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਸੀ ਕਿ ਪਾਵਰ ਪਲਾਂਟ ਵਿੱਚ ਪਰਾਲੀ ਦੀ ਥਾਂ ਗੰਨੇ ਦਾ ਪੀੜ ਵਰਤਿਆ ਜਾਵੇ।ਪਰ ਜਦੋਂ ਸ਼ਹਿਰ ਵਾਸੀਆਂ ਨੇ 24 ਜਨਵਰੀ ਨੂੰ ਪਾਵਰ ਪਲਾਂਟ ਦਾ ਤਿੰਨ ਘੰਟੇ ਤੱਕ ਘਿਰਾਓ ਕੀਤਾ ਤਾਂ ਦੇਖਿਆ ਕਿ ਫਿਰ ਵੀ ਪਰਾਲੀ ਵਰਤੀ ਜਾ ਰਹੀ ਸੀ।ਮੌਕੇ ਉੱਤੇ ਪਹੁੰਚੇ ਐਸ.ਡੀ. ਐਮ ਨਵਾਸ਼ਹਿਰ ਸ਼ਹਿਰ ਉੱਤੇ ਦਬਾਅ ਪਾਕੇ ਲੋਕ ਸੰਘਰਸ਼ ਮੰਚ ਦੇ ਆਗੂਆਂ ਨੇ ਪਲਾਂਟ ਅੰਦਰ ਖੜੀਆਂ ਪਰਾਲੀ ਦੀਆਂ ਤਿੰਨ ਟਰਾਲੀਆਂ ਬਾਹਰ ਕਢਵਾਈਆਂ।ਜਿਲਾ ਪ੍ਰਸ਼ਾਸਨ 8 ਦਿਨਾਂ ਤੱਕ ਆਪਣੇ ਹੁਕਮ ਹੀ ਲਾਗੂ ਨਹੀਂ ਕਰਵਾ ਸਕਿਆ।ਇਸਨੂੰ ਕੀ ਸਮਝਿਆ ਜਾਵੇ?ਉਹਨਾਂ ਕਿਹਾ ਕਿ ਕਰੀਬ ਦੋ ਮਹੀਨੇ ਤੋਂ ਪਾਵਰ ਪਲਾਂਟ ਦੀ ਜ਼ਹਿਰੀਲੀ ਸੁਆਹ ਡਿੱਗ ਰਹੀ ਹੈ ਜਿਸਦੇ ਲਈ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਨਾਲ ਨਾਲ ਜਿਲਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਬਰਾਬਰ ਦੇ ਜੁੰਮੇਵਾਰ ਹਨ ਜਿਹਨਾਂ ਪ੍ਰਤੀ ਨਵਾਸ਼ਹਿਰ ਵਾਸੀ ਗੁੱਸੇ ਨਾਲ ਭਰੇ ਪਏ ਹਨ।ਉਹਨਾਂ ਕਿਹਾ ਕਿ ਇਸ ਧਰਨੇ ਦੀਆਂ ਤਿਆਰੀਆਂ ਅੱਜ ਤੋਂ ਹੀ ਚਾਲੂ ਹੋ ਚੁੱਕੀਆਂ ਹਨ।
ਇਸ ਮੀਟਿੰਗ ਵਿੱਚ ਸਤੀਸ਼ ਕੁਮਾਰ, ਬਲਵੀਰ ਕੁਮਾਰ, ਜਰਨੈਲ ਸਿੰਘ ਖਾਲਸਾ, ਪ੍ਰੋ.ਦਿਲਬਾਗ ਸਿੰਘ,ਪਰਵੀਨ ਭਾਟੀਆ,ਪ੍ਰਿੰਸੀਪਲ ਬਿਕਰਮਜੀਤ ਸਿੰਘ,ਪ੍ਰੋ ਇਕਬਾਲ ਸਿੰਘ ਚੀਮਾ, ਕੁਲਦੀਪ ਸਿੰਘ ਸੁੱਜੋਂ ,ਹਰਬੰਸ ਕੌਰ, ਮਜਿੰਦਰ ਕੌਰ, ਕਿਰਨਜੀਤ ਕੌਰ,,ਅਸ਼ਵਨੀ ਜੋਸ਼ੀ, ਕੁਲਦੀਪ ਸਿੰਘ ਦੌੜਕਾ, ਜਸਪਾਲ ਸਿੰਘ ਗਿੱਦਾ,ਪਰਵੀਨ ਕੁਮਾਰ ਨਿਰਾਲਾ, ਬਿੱਲਾ ਗੁੱਜਰ ਅਤੇ ਹਰੇ ਰਾਮ ਨੇ ਵਿਚਾਰ ਪੇਸ਼ ਕੀਤੇ।