ਨਸ਼ੇ ਵਿਚ ਧੁੱਤ ਪੁੱਤ ਨੇ ਪਤਨੀ ਅਤੇ ਭਰਜਾਈ ਨਾਲ ਮਿਲ ਕੇ ਮਾਂ ਦੀ ਕੀਤੀ ਮਾਰ-ਕੁਟਾਈ
ਰੋਹਿਤ ਗੁਪਤਾ
ਗੁਰਦਾਸਪੁਰ 29 ਜਨਵਰੀ 2023 - ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਚ ਪੈਂਦੇ ਪਿੰਡ ਅਬੁਲ ਖੈਰ ਵਿੱਚ ਇੱਕ ਕਲਯੁਗੀ ਪੁੱਤ ਵਲੋਂ ਆਪਣੀ ਪਤਨੀ ਅਤੇ ਭਰਜਾਈ ਨਾਲ ਮਿਲ ਕੇ ਆਪਣੀ ਬਜ਼ੁਰਗ ਮਾਂ ਦੀ ਮਾਰ ਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰ ਕੁਟਾਈ ਨਾਲ ਜਖ਼ਮੀ ਬਜ਼ੁਰਗ ਔਰਤ ਨੂੰ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਆਸ਼ਾ ਰਾਣੀ ਨਿਵਾਸੀ ਪਿੰਡ ਅਬੁਲ ਖੈਰ ਨੇ ਆਪਣੇ ਪੁੱਤਰਾਂ ਅਤੇ 2 ਨੂਹਾਂ ਉਪਰ ਆਰੋਪ ਲਗਾਉਂਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਹੈ। ਉਨ੍ਹਾਂ ਦੇ ਰਿਸ਼ਤੇਦਾਰ ਆਏ ਹੋਏ ਸਨ ਤਾਂ ਉਸਦੇ ਪੁਤਰ ਨੇ ਸ਼ਰਾਬ ਦੇ ਨਸ਼ੇ ਵਿਚ ਉਹਨਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।ਜਿਸਨੂੰ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਬੇਟੇ ਨੇ ਦੋਨਾਂ ਨੂਹਾਂ ਨਾਲ ਮਿਲ ਕੇ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।ਬੜੀ ਮੁਸ਼ਕਲ ਨਾਲ ਰਿਸ਼ਤੇਦਾਰਾਂ ਨੇ ਉਨ੍ਹਾਂ ਤੋਂ ਬਚਾ ਕੇ ਉਸਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਤਾਂ ਪੁਲਿਸ ਨੇ ਪਹਿਲਾਂ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ। ਬਜ਼ੁਰਗ ਔਰਤ ਨੇ ਕਿਹਾ ਕਿ ਪੁਲਸ ਨੂੰ ਤਾਂ ਰਿਪੋਰਟ ਦਰਜ ਕਰਵਾ ਦਿੱਤੀ ਹੈ ਲੇਕਿਨ ਉਸਦੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਉਸਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਉਸਦਾ ਪਤੀ ਸਿਰ ਤੇ ਨਹੀਂ ਹੈ ਅਤੇ ਉਸਦੇ ਪੁੱਤਰ ਅਤੇ ਨੂੰਹਾਂ ਉਸਦੀ ਮਾਰ ਕੁਟਾਈ ਕਰਦੀਆਂ ਹਨ।